
ਸਰਕਾਰ ਦੇ ਸਾਰੇ ਵਿਭਾਗਾਂ ਅਤੇ ਸੰਗਠਨਾਂ ’ਚ ਸਾਰੀਆਂ ਸ਼੍ਰੇਣੀਆਂ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਲਈ ਅਜਿਹੀਆਂ ਕੁਲ 1,15,203 ਸ਼ਿਕਾਇਤਾਂ ਪ੍ਰਾਪਤ ਹੋਈਆਂ
ਨਵੀਂ ਦਿੱਲੀ: ਪਿਛਲੇ ਸਾਲ ਭ੍ਰਿਸ਼ਟਾਚਾਰ ਦੀਆਂ ਸਭ ਤੋਂ ਵੱਧ ਸ਼ਿਕਾਇਤਾਂ ਕੇਂਦਰੀ ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਵਿਰੁਧ ਆਈਆਂ ਹਨ। ਕੇਂਦਰੀ ਵਿਜੀਲੈਂਸ ਕਮਿਸ਼ਨ (ਸੀ.ਵੀ.ਸੀ.) ਦੀ ਪਿੱਛੇ ਜਿਹੇ ਜਾਰੀ ਸਾਲਾਨਾ ਰੀਪੋਰਟ ਅਨੁਸਾਰ, ਇਸ ਤੋਂ ਬਾਅਦ ਰੇਲਵੇ ਅਤੇ ਬੈਂਕ ਅਧਿਕਾਰੀਆਂ ਵਿਰੁਧ ਸ਼ਿਕਾਇਤਾਂ ਮਿਲੀਆਂ ਹਨ।
ਰੀਪੋਰਟ ਅਨੁਸਾਰ, ਪਿਛਲੇ ਸਾਲ ਕੇਂਦਰ ਸਰਕਾਰ ਦੇ ਸਾਰੇ ਵਿਭਾਗਾਂ ਅਤੇ ਸੰਗਠਨਾਂ ’ਚ ਸਾਰੀਆਂ ਸ਼੍ਰੇਣੀਆਂ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਲਈ ਅਜਿਹੀਆਂ ਕੁਲ 1,15,203 ਸ਼ਿਕਾਇਤਾਂ ਪ੍ਰਾਪਤ ਹੋਈਆਂ।
ਇਨ੍ਹਾਂ ’ਚੋਂ 85,4367 ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾ ਚੁਕਾ ਹੈ, ਜਦਕਿ ਬਾਕੀ 29,766 ਸ਼ਿਕਾਇਤਾਂ ਬਕਾਇਆ ਹਨ। ਇਨ੍ਹਾਂ ’ਚੋਂ 22,034 ਸ਼ਿਕਾਇਤਾਂ ਤਿੰਨ ਮਹੀਨੇ ਤੋਂ ਵੱਧ ਸਮੇਂ ਤਕ ਲਟਕੀਆਂ ਰਹੀਆਂ। ਇਕ ਅਧਿਕਾਰੀ ਨੇ ਕਿਹਾ ਕਿ ਸੀ.ਵੀ.ਸੀ. ਨੇ ਸ਼ਿਕਾਇਤਾਂ ਦੀ ਜਾਂਚ ਕਰਨ ਲਈ ਮੁੱਖ ਵਿਜੀਲੈਂਸ ਅਧਿਕਾਰੀਆਂ ਲਈ ਤਿੰਨ ਮਹੀਨੇ ਦੀ ਹੱਦ ਮਿੱਥੀ ਹੈ।
ਰੀਪੋਰਟ ਅਨੁਸਾਰ ਜਿੱਥੇ ਗ੍ਰਹਿ ਮੰਤਰਾਲੇ ਨੂੰ ਉਸ ਦੇ ਅਧਿਕਾਰੀਆਂ ਵਿਰੁਧ 46,643 ਸ਼ਿਕਾਇਤਾਂ ਮਿਲੀਆਂ, ਉਥੇ ਰੇਲਵੇ ਨੂੰ 10,580 ਸ਼ਿਕਾਇਤਾਂ ਅਤੇ ਬੈਂਕਾਂ ਨੂੰ 8,129 ਸ਼ਿਕਾਇਤਾਂ ਮਿਲੀਆਂ।
ਰੀਪੋਰਟ ’ਚ ਕਿਹਾ ਗਿਆ ਹੈ ਕਿ ਗ੍ਰਹਿ ਮੰਤਰਾਲੇ ਦੇ ਮੁਲਾਜ਼ਮਾਂ ਵਿਰੁਧ ਕੁਲ ਸ਼ਿਕਾਇਤਾਂ ’ਚੋਂ 23,919 ਦਾ ਨਿਪਟਾਰਾ ਕਰ ਦਿਤਾ ਗਿਆ ਅਤੇ 22,724 ਸ਼ਿਕਾਇਤਾਂ ਬਕਾਇਆ ਰਹੀਆਂ, ਜਿਨ੍ਹਾਂ ’ਚੋਂ 19,198 ਸ਼ਿਕਾਇਤਾਂ ਤਿੰਨ ਮਹੀਨੇ ਤੋਂ ਵੱਧ ਸਮੇਂ ਤਕ ਲਟਕਦੀਆਂ ਰਹੀਆਂ।
ਰੀਪੋਰਟ ਅਨੁਸਾਰ ਰੇਲਵੇ ਨੇ 9663 ਸ਼ਿਕਾਇਤਾਂ ਦਾ ਨਿਪਟਾਰਾ ਕਰ ਦਿਤਾ ਹੈ, ਜਦਕਿ 917 ਸ਼ਿਕਾਇਤਾਂ ਲਟਕ ਰਹੀਆਂ ਹਨ, ਜਿਨ੍ਹਾਂ ’ਚੋਂ 9 ਸ਼ਿਕਾਇਤਾਂ ਤਿੰਨ ਮਹੀਨੇ ਤੋਂ ਵੱਧ ਸਮੇਂ ਤੋਂ ਲਟਕਦੀਆਂ ਸਨ। ਬੈਂਕਾਂ ਨੇ ਭ੍ਰਿਸ਼ਟਾਂਚਾਰ ਦੀਆਂ 7762 ਸ਼ਿਕਾਇਤਾਂ ਦਾ ਨਿਪਟਾਰਾ ਕੀਤਾ, 367 ਲਟਕਦੀਆਂ ਸਨ, ਜਿਨ੍ਹਾਂ ’ਚੋਂ 78 ਸ਼ਿਕਾਇਤਾਂ ਤਿੰਨ ਮਹੀਨੇ ਤੋਂ ਵੱਧ ਸਮੇਂ ਤੋਂ ਲਟਕਦੀਆਂ ਸਨ।