
ਸੁਲਤਾਨਪੁਰ ਦੀ MP-MLA ਅਦਾਲਤ ਨੇ ਪੁਲਿਸ ਨੂੰ 28 ਅਗਸਤ ਤੱਕ ਸਾਰਿਆਂ ਨੂੰ ਪੇਸ਼ ਕਰਨ ਲਈ ਕਿਹਾ
AAP MP Sanjay Singh News : ਯੂਪੀ ਦੇ ਸੁਲਤਾਨਪੁਰ ਦੀ ਇੱਕ ਅਦਾਲਤ ਨੇ 23 ਸਾਲ ਪੁਰਾਣੇ ਇੱਕ ਮਾਮਲੇ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਰਾਜ ਸਭਾ ਮੈਂਬਰ ਸੰਜੇ ਸਿੰਘ, ਸਪਾ ਦੇ ਬੁਲਾਰੇ ਅਤੇ ਸਾਬਕਾ ਵਿਧਾਇਕ ਅਨੂਪ ਸਾਂਡਾ ਸਮੇਤ 6 ਲੋਕਾਂ ਨੂੰ ਗ੍ਰਿਫ਼ਤਾਰ ਕਰਨ ਦਾ ਹੁਕਮ ਦਿੱਤਾ ਹੈ। ਸੁਲਤਾਨਪੁਰ ਦੀ MP-MLA ਅਦਾਲਤ ਨੇ ਪੁਲਿਸ ਨੂੰ 28 ਅਗਸਤ ਤੱਕ ਸਾਰਿਆਂ ਨੂੰ ਪੇਸ਼ ਕਰਨ ਲਈ ਕਿਹਾ ਹੈ।
ਇਹ ਮਾਮਲਾ 19 ਜੂਨ 2001 ਦਾ ਹੈ। ਨਗਰ ਕੋਤਵਾਲੀ ਇਲਾਕੇ ਦੇ ਲਖਨਊ ਨਾਕੇ ਨੇੜੇ ‘ਆਪ’ ਦੇ ਸੰਸਦ ਮੈਂਬਰ ਸੰਜੇ ਸਿੰਘ, ਸਮਾਜਵਾਦੀ ਪਾਰਟੀ ਦੇ ਕੌਮੀ ਬੁਲਾਰੇ ਤੇ ਸਾਬਕਾ ਵਿਧਾਇਕ ਅਨੂਪ ਸਾਂਡਾ ਸਮੇਤ ਕੁਝ ਲੋਕਾਂ ਨੇ ਜਲ ਸਪਲਾਈ ਤੇ ਹੋਰ ਜਨਤਕ ਸਮੱਸਿਆਵਾਂ ਨੂੰ ਲੈ ਕੇ ਧਰਨਾ ਦਿੱਤਾ ਸੀ। ਇਨ੍ਹਾਂ ਸਾਰਿਆਂ ਨੇ ਬਿਜਲੀ ਦੀ ਮਾੜੀ ਵਿਵਸਥਾ ਦੇ ਵਿਰੋਧ ਵਿੱਚ ਫਲਾਈਓਵਰ ਨੇੜੇ ਧਰਨਾ ਦਿੱਤਾ ਸੀ। ਥਾਣਾ ਕੋਤਵਾਲੀ ਨਗਰ ਦੇ ਤਤਕਾਲੀ ਸਬ-ਇੰਸਪੈਕਟਰ ਨੇ ਇਨ੍ਹਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਜਿਵੇਂ ਰੋਡ ਜਾਮ ਆਦਿ ਤਹਿਤ ਕੇਸ ਦਰਜ ਕੀਤਾ ਸੀ।
MP-MLA ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ ਕਰਦਿਆਂ ਇਨ੍ਹਾਂ ਸਾਰਿਆਂ ਨੂੰ ਦੋਸ਼ੀ ਪਾਇਆ ਅਤੇ ਤਿੰਨ ਮਹੀਨੇ ਦੀ ਕੈਦ ਅਤੇ 1500 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ। ਸਜ਼ਾ ਤੋਂ ਬਚਣ ਲਈ ਸਾਰੇ ਲੋਕਾਂ ਨੇ ਸੈਸ਼ਨ ਕੋਰਟ ਦਾ ਸਹਾਰਾ ਲਿਆ ਪਰ ਉੱਥੇ ਵੀ ਉਨ੍ਹਾਂ ਨੂੰ ਕੋਈ ਰਾਹਤ ਨਹੀਂ ਮਿਲੀ। 9 ਅਗਸਤ ਨੂੰ ਉਨ੍ਹਾਂ ਨੂੰ ਹੇਠਲੀ ਅਦਾਲਤ ਵਿੱਚ ਸਮਰਪਣ ਕਰਨ ਦਾ ਹੁਕਮ ਜਾਰੀ ਕੀਤਾ ਗਿਆ ਸੀ ਪਰ ਉਨ੍ਹਾਂ ਨੇ ਆਤਮ ਸਮਰਪਣ ਕਰਨ ਦੀ ਬਜਾਏ ਹਾਈ ਕੋਰਟ ਵਿੱਚ ਅਪੀਲ ਕੀਤੀ।
ਇਸ ਦੌਰਾਨ ਸੰਜੇ ਸਿੰਘ ਨੇ ਆਪਣੇ ਵਕੀਲ ਰਾਹੀਂ ਕੰਮ ਵਿੱਚ ਰੁਝੇਵਿਆਂ ਦਾ ਹਵਾਲਾ ਦਿੰਦਿਆਂ ਆਤਮ ਸਮਰਪਣ ਦੀ ਮਿਆਦ ਵਧਾਉਣ ਦੀ ਮੰਗ ਕੀਤੀ ਸੀ। 13 ਅਗਸਤ ਨੂੰ ਅਦਾਲਤ ਨੇ ਸੰਜੇ ਸਿੰਘ ਦੀ ਮਿਆਦ ਵਧਾਉਣ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਸੀ। ਅਦਾਲਤ ਨੇ ਸੰਜੇ ਸਿੰਘ ਸਮੇਤ ਸਾਰਿਆਂ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਕਰਕੇ 20 ਅਗਸਤ ਨੂੰ ਪੇਸ਼ ਹੋਣ ਦਾ ਹੁਕਮ ਦਿੱਤਾ ਸੀ। ਦੋਵੇਂ ਮੁੱਖ ਮੁਲਜ਼ਮਾਂ ਨੂੰ ਮੰਗਲਵਾਰ ਨੂੰ ਅਦਾਲਤ ਵਿੱਚ ਪੇਸ਼ ਹੋਣਾ ਸੀ ਪਰ ਉਹ ਪੇਸ਼ ਨਹੀਂ ਹੋਏ।
ਸੰਜੇ ਸਿੰਘ ਅਤੇ ਅਨੂਪ ਸਾਂਡਾ ਦੇ ਵਕੀਲ ਮਦਨ ਸਿੰਘ ਨੇ ਦੱਸਿਆ ਕਿ ਸੰਜੇ ਸਿੰਘ ਅਤੇ ਅਨੂਪ ਸਾਂਡਾ ਵੱਲੋਂ ਹਾਈ ਕੋਰਟ ਦੀ ਲਖਨਊ ਬੈਂਚ ਵਿੱਚ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਗਈ ਹੈ, ਜਿਸ ਦੀ ਸੁਣਵਾਈ 22 ਅਗਸਤ ਨੂੰ ਤੈਅ ਕੀਤੀ ਗਈ ਹੈ।