ਹਰਵਿੰਦਰ ਰਿੰਦਾ ਅਤੇ ਲਖਬੀਰ ਲੰਡਾ ’ਤੇ 10-10 ਲੱਖ ਰੁਪਏ ਜਦਕਿ ਪਰਮਿੰਦਰ ਸਿੰਘ, ਸਤਬੀਰ ਸਿੰਘ ਸੱਤਾ ਅਤੇ ਯਾਦਵਿੰਦਰ ਸਿੰਘ ’ਤੇ 5-5 ਲੱਖ ਦਾ ਇਨਾਮ
ਨਵੀਂ ਦਿੱਲੀ: ਗਰਮਖ਼ਿਆਲੀਆਂ ਵਿਰੁਧ ਅਪਣੀ ਕਾਰਵਾਈ ਨੂੰ ਤੇਜ਼ ਕਰਦੇ ਹੋਏ ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਨੇ ਬੁਧਵਾਰ ਨੂੰ ਹਰਵਿੰਦਰ ਸਿੰਘ ਸੰਧੂ ਉਰਫ ‘ਰਿੰਦਾ’ ਅਤੇ ਲਖਬੀਰ ਸਿੰਘ ਸੰਧੂ ਉਰਫ ‘ਲੰਡਾ’ ਸਮੇਤ ਪਾਬੰਦੀਸ਼ੁਦਾ ਜਥੇਬੰਦੀ ਬੱਬਰ ਖਾਲਸਾ ਇੰਟਰਨੈਸ਼ਨਲ (ਬੀ.ਕੇ.ਆਈ.) ਦੇ ਪੰਜ ਮੈਂਬਰਾਂ ਦੀ ਗ੍ਰਿਫਤਾਰੀ ਲਈ ਸੂਚਨਾ ਦੇਣ ਵਾਲੇ ਨੂੰ ਨਕਦ ਇਨਾਮ ਦਾ ਐਲਾਨ ਕੀਤਾ ਹੈ। ਫੈਡਰਲ ਏਜੰਸੀ ਨੇ ਰਿੰਦਾ ਅਤੇ ਲੰਡਾ ਲਈ 10-10 ਲੱਖ ਰੁਪਏ ਅਤੇ ਪਰਮਿੰਦਰ ਸਿੰਘ ਖਹਿਰਾ ਉਰਫ਼ ‘ਪੱਟੂ’, ਸਤਨਾਮ ਸਿੰਘ ਉਰਫ਼ ‘ਸਤਬੀਰ ਸਿੰਘ’ ਅਤੇ ਯਾਦਵਿੰਦਰ ਸਿੰਘ ਉਰਫ਼ ‘ਯੱਦਾ’ ’ਤੇ 5-5 ਲੱਖ ਰੁਪਏ ਦਾ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਹੈ।
ਐਨ.ਆਈ.ਏ. ਦੇ ਬੁਲਾਰੇ ਨੇ ਦਸਿਆ ਕਿ ਇਹ ਪੰਜ ਜਣੇ ਭਾਰਤ ਦੀ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਨੂੰ ਭੰਗ ਕਰਨ ਅਤੇ ਪੰਜਾਬ ’ਚ ਹਿੰਸਾ ਫੈਲਾਉਣ ਦੇ ਉਦੇਸ਼ ਨਾਲ ਬੀ.ਕੇ.ਆਈ ਦੀਆਂ ਹਿੰਸਕ ਗਤੀਵਿਧੀਆਂ ਵਿਰੁਧ ਦਰਜ ਕੀਤੇ ਗਏ ਇਕ ਕੇਸ ’ਚ ਲੋੜੀਂਦੇ ਹਨ। ਇਹ ਮਾਮਲਾ ਇਸ ਸਾਲ ਦੇ ਸ਼ੁਰੂ ’ਚ ਦਰਜ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਲੋੜੀਂਦੇ ਗਰਮਖ਼ਿਆਲੀਆਂ ’ਤੇ ਪੰਜਾਬ ’ਚ ਹਿੰਸਕ ਗਤੀਵਿਧੀਆਂ ਨੂੰ ਅੰਜਾਮ ਦੇਣ ਤੋਂ ਇਲਾਵਾ ਪਾਬੰਦੀਸ਼ੁਦਾ ਜਥੇਬੰਦੀ ਬੀ.ਕੇ.ਆਈ. ਲਈ ਨਸ਼ਾ ਤਸਕਰੀ ਅਤੇ ਕਾਰੋਬਾਰੀਆਂ ਅਤੇ ਹੋਰ ਪ੍ਰਮੁੱਖ ਵਿਅਕਤੀਆਂ ਤੋਂ ਵੱਡੇ ਪੱਧਰ ’ਤੇ ਫਿਰੌਤੀ ਇਕੱਠਾ ਕਰਨ ਦੇ ਦੋਸ਼ ਹਨ।
ਬੁਲਾਰੇ ਨੇ ਕਿਹਾ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਪੰਜ ਅਤਿਵਾਦੀ ਵਿੱਤੀ ਲਾਭ ਦਾ ਵਾਅਦਾ ਕਰ ਕੇ ਬੀ.ਕੇ.ਆਈ. ਲਈ ਨਵੇਂ ਮੈਂਬਰ ਭਰਤੀ ਕਰਨ ’ਚ ਲੱਗੇ ਹੋਏ ਹਨ। ਅਧਿਕਾਰੀ ਨੇ ਕਿਹਾ, ‘‘ਉਨ੍ਹਾਂ ਨੇ ਭਾਰਤ ਦੇ ਵੱਖ-ਵੱਖ ਹਿੱਸਿਆਂ ’ਚ ਅਪਣੀਆਂ ਹਿੰਸਕ ਗਤੀਵਿਧੀਆਂ ਨੂੰ ਅੱਗੇ ਵਧਾਉਣ ਲਈ ਵੱਖ-ਵੱਖ ਦੇਸ਼ਾਂ ’ਚ ਅਪਣੇ ਆਪਰੇਟਿਵਾਂ ਦਾ ਇਕ ਨੈੱਟਵਰਕ ਵੀ ਸਥਾਪਤ ਕੀਤਾ ਹੈ।’’ ਰਿੰਦਾ ਮੂਲ ਰੂਪ ’ਚ ਮਹਾਰਾਸ਼ਟਰ ਦਾ ਰਹਿਣ ਵਾਲਾ ਹੈ ਅਤੇ ਉਹ ਐੱਨ.ਆਈ.ਏ. ਦੀ ਸੂਚੀ ’ਚ ਦਰਜ ਹੈ ਅਤੇ ਬੀ.ਕੇ.ਆਈ. ਦਾ ਮੈਂਬਰ ਹੈ। ਇਸ ਵੇਲੇ ਉਹ ਪਾਕਿਸਤਾਨ ’ਚ ਰਹਿ ਰਿਹਾ ਹੈ। ਜਦੋਂ ਕਿ ਲੰਡਾ, ਖਹਿਰਾ, ਸਤਨਾਮ ਅਤੇ ਯਾਦਵਿੰਦਰ ਪੰਜਾਬ ਦੇ ਵਸਨੀਕ ਹਨ।
ਟੈਲੀਫੋਨ ਅਤੇ ਵਟਸਐਪ ਨੰਬਰ ਸਾਂਝੇ ਕਰਦੇ ਹੋਏ ਬੁਲਾਰੇ ਨੇ ਕਿਹਾ, ‘‘ਇਨ੍ਹਾਂ ਪੰਜਾਂ ਦੀ ਗ੍ਰਿਫਤਾਰੀ ਨਾਲ ਸਬੰਧਤ ਕੋਈ ਵੀ ਖਾਸ ਜਾਣਕਾਰੀ ਨਵੀਂ ਦਿੱਲੀ ਸਥਿਤ ਐਨ.ਆਈ.ਏ. ਹੈੱਡਕੁਆਰਟਰ ਜਾਂ ਚੰਡੀਗੜ੍ਹ ਸਥਿਤ ਐਨ.ਆਈ.ਏ. ਬ੍ਰਾਂਚ ਦੇ ਦਫ਼ਤਰ ਨਾਲ ਸਾਂਝੀ ਕੀਤੀ ਜਾ ਸਕਦੀ ਹੈ।’’
ਇਸ ਦੌਰਾਨ, ਐਨ.ਆਈ.ਏ. ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਦੋ ਸੂਚੀਆਂ ਸਾਂਝੀਆਂ ਕੀਤੀਆਂ ਜਿਨ੍ਹਾਂ ਵਿਚ ਦੇਸ਼ ਵਿਚ ਗਰਮਖ਼ਿਆਲੀ-ਗੈਂਗਸਟਰ ਨੈਟਵਰਕ ਨੂੰ ਖਤਮ ਕਰਨ ਦੀ ਕੋਸ਼ਿਸ਼ ਵਿਚ ਪਿਛਲੇ ਸਾਲ ਦਰਜ ਕੀਤੇ ਗਏ ਦੋ ਮਾਮਲਿਆਂ ਦੀ ਜਾਂਚ ਵਿਚ ਲੋੜੀਂਦੇ 54 ਵਿਅਕਤੀਆਂ ਦੀਆਂ ਤਸਵੀਰਾਂ ਸਨ।
ਇਕ ਸੂਚੀ ’ਚ 11 ਵਿਅਕਤੀਆਂ ਦੇ ਨਾਂ ਹਨ ਅਤੇ ਦੂਜੀ ’ਚ 43 ਦੇ ਨਾਮ ਹਨ। ਇਸ ਸੂਚੀ ’ਚ ਗੋਲਡੀ ਬਰਾੜ, ਲਾਰੈਂਸ ਬਿਸ਼ਨੋਈ, ਅਨਮੋਲ ਬਿਸ਼ਨੋਈ ਅਤੇ ਅਰਸ਼ਦੀਪ ਸਿੰਘ ਗਿੱਲ ਸਮੇਤ ਕਈ ਲੋੜੀਂਦੇ ਗੈਂਗਸਟਰ ਸ਼ਾਮਲ ਹਨ।