
ਗੋਲੀਬਾਰੀ ਦੌਰਾਨ ਇਕ ਜਵਾਨ ਹੋਇਆ ਸ਼ਹੀਦ, ਇਕ ਜ਼ਖਮੀ
Jammu and Kashmir news : ਊਧਮਪੁਰ ਜ਼ਿਲ੍ਹੇ ਦੇ ਇਲਾਕਿਆਂ ਵਿੱਚ ਫੌਜ ਅਤੇ ਪੁਲਿਸ ਵੱਲੋਂ ਅੱਤਵਾਦੀਆਂ ਦੀ ਭਾਲ ਜਾਰੀ ਹੈ। ਅੱਤਵਾਦੀਆਂ ਨਾਲ ਹੋਏ ਮੁਕਾਬਲੇ ਦੌਰਾਨ ਇਕ ਜਵਾਨ ਸ਼ਹੀਦ ਹੋ ਗਿਆ ਜਦਕਿ ਇਕ ਜਵਾਨ ਗੰਭੀਰ ਰੂਪ ਵਿਚ ਜ਼ਖਮੀ ਦੱਸਿਆ ਜਾ ਰਿਹਾ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਸ਼ਾਮ ਨੂੰ ਊਧਮਪੁਰ ਦੇ ਡੂਡੂ-ਬਸੰਤਗੜ੍ਹ ਖੇਤਰ ਅਤੇ ਡੋਡਾ ਦੇ ਭਦਰਵਾਹ ਵਿੱਚ ਸਿਓਜ ਧਾਰ ਜੰਗਲ ਸਰਹੱਦ ’ਤੇ ਅੱਤਵਾਦੀਆਂ ਨੇ ਫੌਜ ਅਤੇ ਜੰਮੂ-ਕਸ਼ਮੀਰ ਪੁਲਿਸ ਦੇ ਸਪੈਸ਼ਲ ਆਪ੍ਰੇਸ਼ਨ ਗਰੁੱਪ ਦੀ ਸਾਂਝੀ ਸਰਚ ਪਾਰਟੀ ’ਤੇ ਗੋਲੀਬਾਰੀ ਕੀਤੀ ਗਈ ਸੀ। ਇਸ ਗੋਲੀਬਾਰੀ ਦੌਰਾਨ ਇਕ ਜਵਾਨ ਜ਼ਖਮੀ ਹੋ ਗਿਆ ਸੀ, ਜਿਸ ਨੂੰ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ ਜਿੱਥੇ ਉਹ ਜ਼ਖਮਾਂ ਦੀ ਤਾਬ ਨਾ ਝੱਲਦਾ ਹੋਇਆ ਅੱਜ ਸ਼ਹੀਦ ਹੋ ਗਿਆ।
ਮੁਕਾਬਲੇ ਵਾਲੀ ਥਾਂ ਨੂੰ ਰਾਤ ਭਰ ਸਖ਼ਤ ਘੇਰਾਬੰਦੀ ਹੇਠ ਰੱਖਿਆ ਗਿਆ ਸੀ ਅਤੇ ਸ਼ਨੀਵਾਰ ਸਵੇਰੇ ਸਾਂਝਾ ਸਰਚ ਆਪ੍ਰੇਸ਼ਨ ਮੁੜ ਸ਼ੁਰੂ ਕੀਤਾ ਗਿਆ। ਮੰਨਿਆ ਜਾ ਰਿਹਾ ਹੈ ਕਿ ਦੋ ਤੋਂ ਤਿੰਨ ਅੱਤਵਾਦੀ ਜੰਗਲੀ ਖੇਤਰ ਵਿੱਚ ਲੁਕੇ ਹੋਏ ਹਨ। ਊਧਮਪੁਰ ਅਤੇ ਡੋਡਾ ਦੋਵਾਂ ਪਾਸਿਆਂ ਤੋਂ ਡਰੋਨ ਅਤੇ ਖੋਜੀ ਕੁੱਤਿਆਂ ਨਾਲ ਲੈਸ ਫੋਰਸ ਵੱਲੋਂ ਅੱਤਵਾਦੀਆਂ ਦੀ ਭਾਲ ਲਈ ਸਰਚ ਅਪ੍ਰੇਸ਼ਨ ਚਲਾਇਆ ਜਾ ਰਿਹਾ ਹੈ।