
ਮਿਸ਼ਨ ਲਾਈਫ਼ ਦੀ ਸ਼ੁਰੂਆਤ ਦੌਰਾਨ ਦਿੱਤਾ ਸੁਝਾਅ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਤਾਰੇਸ ਨੇ ਵੀਰਵਾਰ ਨੂੰ ਮਿਸ਼ਨ ਲਾਈਫ਼ ਦੀ ਸ਼ੁਰੂਆਤ ਕੀਤੀ। 'ਮਿਸ਼ਨ ਲਾਈਫ਼' ਦੀ ਸ਼ੁਰੂਆਤ ਕਰਦੇ ਹੋਏ ਪੀਐਮ ਮੋਦੀ ਨੇ ਕਿਹਾ, "ਇਹ ਇਸ ਗ੍ਰਹਿ ਦੀ ਜੀਵਨ ਸ਼ੈਲੀ ਹੈ, ਗ੍ਰਹਿ ਲਈ ਅਤੇ ਗ੍ਰਹਿ ਦੁਆਰਾ ਤਿਆਰ ਕੀਤੀ ਗਈ ਹੈ।"
ਪੀਐੱਮ ਮੋਦੀ ਨੇ ਕਿਹਾ ਕਿ ਜਲਵਾਯੂ ਪਰਿਵਰਤਨ ਨੂੰ ਸਰਕਾਰ ਦੀ ਨੀਤੀ ਦਾ ਵਿਸ਼ਾ ਬਣਾਇਆ ਗਿਆ ਹੈ, ਪਰ ਨੀਤੀ ਬਣਾਉਣ ਤੋਂ ਅੱਗੇ ਜਾਣ ਦੀ ਲੋੜ ਹੈ। ਪ੍ਰਧਾਨ ਮੰਤਰੀ ਨੇ ਕਿਹਾ, ''ਉਦਾਹਰਨ ਲਈ, ਕੁਝ ਲੋਕ ਏਸੀ ਦਾ ਤਾਪਮਾਨ 17 ਜਾਂ 18 ਡਿਗਰੀ ਤੱਕ ਰੱਖਣਾ ਪਸੰਦ ਕਰਦੇ ਹਨ। ਇਸ ਨਾਲ ਵਾਤਾਵਰਨ 'ਤੇ ਮਾੜਾ ਅਸਰ ਪੈਂਦਾ ਹੈ। ਏਅਰ ਕੰਡੀਸ਼ਨਰ (ਏ. ਸੀ.) ਦਾ ਤਾਪਮਾਨ 18 ਡਿਗਰੀ 'ਤੇ ਰੱਖਣ ਅਤੇ ਫਿਰ ਕੰਬਲ ਲੈਣ ਦੀ ਬਜਾਏ ਜੇਕਰ ਏ.ਸੀ. ਦਾ ਤਾਪਮਾਨ 24 ਡਿਗਰੀ 'ਤੇ ਰੱਖਣ ਤਾਂ ਇੰਝ ਬਿਜਲੀ ਦੀ ਖਪਤ ਵੀ ਘੱਟ ਹੋਵੇਗੀ।
ਇਸ ਦੇ ਨਾਲ ਹੀ ਦੱਸ ਦਈਏ ਕਿ ਪ੍ਰਧਾਨ ਮੰਤਰੀ ਨੇ ਜਿੰਮ ਜਾਣ ਵਾਲਿਆਂ ਨੂੰ ਵੀ ਸਲਾਹ ਦਿੱਤੀ। ਉਹਨਾਂ ਕਿਹਾ, “ਕਾਰ 'ਤੇ ਜਿਮ ਜਾਣ ਨਾਲੋਂ ਪੈਦਲ ਜਾਣਾ ਬਿਹਤਰ ਹੈ। ਇਸ ਨਾਲ ਨਾ ਸਿਰਫ਼ ਸਿਹਤ ਵਿਚ ਸੁਧਾਰ ਹੋਵੇਗਾ, ਸਗੋਂ ਬਾਲਣ ਅਤੇ ਊਰਜਾ ਦੀ ਵੀ ਬਚਤ ਹੋਵੇਗੀ। ਪੀਐਮ ਮੋਦੀ ਨੇ ਕਿਹਾ ਕਿ ‘ਮਿਸ਼ਨ ਲਾਈਫ’ ਵਿਚ ਜੀਵਨ ਸ਼ੈਲੀ ਵਿਚ ਤਬਦੀਲੀਆਂ ਲਈ ਕਈ ਸੁਝਾਅ ਹਨ ਜਿਨ੍ਹਾਂ ਨੂੰ ਜਲਵਾਯੂ ਅਨੁਕੂਲ ਵਿਵਹਾਰ ਵਜੋਂ ਅਪਣਾਇਆ ਜਾ ਸਕਦਾ ਹੈ। ਪੀਐਮ ਮੋਦੀ ਨੇ ਕਿਹਾ ਕਿ ਮਿਸ਼ਨ ਲਾਈਫ਼ ਪੀ3-ਪ੍ਰੋ-ਪਲੈਨੇਟ-ਪੀਪਲ ਦੇ ਵਿਚਾਰ ਨੂੰ ਮਜ਼ਬੂਤਕਰੇਗਾ। ਉਹਨਾਂ ਕਿਹਾ, “ਇਹ ਮਿਸ਼ਨ ਇਸ ਧਰਤੀ ਦੇ ਸਾਰੇ ਲੋਕਾਂ ਨੂੰ ਇੱਕ ਸਾਂਝੇ ਟੀਚੇ ਲਈ ਇੱਕਜੁਟ ਕਰਨ ਦੀ ਕਲਪਨਾ ਕਰਦਾ ਹੈ। ਇਹ ਧਰਤੀ ਦੀ ਭਲਾਈ ਅਤੇ ਬਿਹਤਰੀ ਲਈ ਜੀਉਣ ਦਾ ਟੀਚਾ ਦਿੰਦਾ ਹੈ।