
Vikas Yadav : ਲਾਰੈਂਸ ਬਿਸ਼ਨੋਈ ਦੇ ਨਾਂ ਤੇ ਪੈਲੇ ਮੰਗਣ ਦਾ ਹੈ ਇਲਜ਼ਾਮ
Accused Vikas Yadav was arrested by Delhi Police last year: ਅਮਰੀਕੀ ਧਰਤੀ ’ਤੇ ਸਿੱਖ ਵੱਖਵਾਦੀ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਨਾਕਾਮ ਸਾਜ਼ਸ਼ ’ਚ ਸ਼ਾਮਲ ਹੋਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਭਾਰਤ ਸਰਕਾਰ ਦੇ ਸਾਬਕਾ ਅਧਿਕਾਰੀ ਵਿਕਾਸ ਯਾਦਵ ਨੂੰ ਦਿੱਲੀ ਪੁਲਿਸ ਨੇ ਪਿਛਲੇ ਸਾਲ ਦਸੰਬਰ ’ਚ ਜਬਰੀ ਵਸੂਲੀ ਅਤੇ ਅਗਵਾ ਕਰਨ ਦੇ ਇਕ ਮਾਮਲੇ ’ਚ ਗ੍ਰਿਫਤਾਰ ਕੀਤਾ ਸੀ। ਸੂਤਰਾਂ ਮੁਤਾਬਕ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ 18 ਦਸੰਬਰ 2023 ਨੂੰ ਯਾਦਵ (39) ਨੂੰ ਰੋਹਿਨੀ ’ਚ ਰਹਿਣ ਵਾਲੇ ਇਕ ਕਾਰੋਬਾਰੀ ਨੂੰ ਅਗਵਾ ਕਰਨ ਅਤੇ ਜੇਲ ’ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨਾਂ ’ਤੇ ਪੈਸੇ ਮੰਗਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਸੀ।
ਸੂਤਰਾਂ ਨੇ ਦਸਿਆ ਕਿ ਉਸ ਨੂੰ ਇਸ ਸਾਲ ਅਪ੍ਰੈਲ ’ਚ ਜ਼ਮਾਨਤ ਮਿਲ ਗਈ ਸੀ। ਸਪੈਸ਼ਲ ਸੈੱਲ ਵਲੋਂ ਦਾਇਰ ਐਫ.ਆਈ.ਆਰ. ਅਨੁਸਾਰ, ਯਾਦਵ ਨੇ ਕਾਰੋਬਾਰੀ ਨੂੰ 11 ਦਸੰਬਰ, 2023 ਨੂੰ ਦਖਣੀ ਦਿੱਲੀ ’ਚ ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਦੇ ਦਫਤਰ ਨੇੜੇ ਮਿਲਣ ਲਈ ਕਿਹਾ ਅਤੇ ਦਾਅਵਾ ਕੀਤਾ ਕਿ ਉਸ ਨੂੰ ‘ਗੰਭੀਰ ਖਤਰਾ’ ਹੋ ਸਕਦਾ ਹੈ। ਇਸ ਅਨੁਸਾਰ, ਪੀੜਤ ਅਪਣੇ ਦੋਸਤ ਨਾਲ ਯਾਦਵ ਨੂੰ ਮਿਲਿਆ, ਜਿਸ ਦੇ ਨਾਲ ਅਬਦੁੱਲਾ ਨਾਮ ਦਾ ਵਿਅਕਤੀ ਵੀ ਸੀ।
ਐਫ.ਆਈ.ਆਰ. ’ਚ ਕਿਹਾ ਗਿਆ ਹੈ ਕਿ ਯਾਦਵ ਅਤੇ ਅਬਦੁੱਲਾ ਨੇ ਕਥਿਤ ਤੌਰ ’ਤੇ ਪੀੜਤ ਨੂੰ ਕਾਰ ’ਚ ਧੱਕ ਦਿਤਾ ਅਤੇ ਲਾਰੈਂਸ ਬਿਸ਼ਨੋਈ ਦੇ ਨਾਮ ’ਤੇ ਪੈਸੇ ਦੀ ਮੰਗ ਕੀਤੀ। ਪੁਲਿਸ ਨੇ ਇਸ ਸਾਲ 13 ਮਾਰਚ ਨੂੰ ਯਾਦਵ ਵਿਰੁਧ ਚਾਰਜਸ਼ੀਟ ਦਾਇਰ ਕੀਤੀ ਸੀ, ਜਿਸ ਤੋਂ ਬਾਅਦ ਉਸ ਨੂੰ ਅਪਣੀ ਇਕ ਸਾਲ ਦੀ ਧੀ ਦੀ ਬੀਮਾਰੀ ਦੇ ਆਧਾਰ ’ਤੇ 22 ਮਾਰਚ ਨੂੰ ਛੇ ਦਿਨਾਂ ਦੀ ਅੰਤਰਿਮ ਜ਼ਮਾਨਤ ਦਿਤੀ ਗਈ ਸੀ। ਅਦਾਲਤ ਨੇ 22 ਅਪ੍ਰੈਲ ਨੂੰ ਯਾਦਵ ਨੂੰ ਨਿਯਮਤ ਜ਼ਮਾਨਤ ਦੇ ਦਿਤੀ ਸੀ। ਅਮਰੀਕੀ ਫੈਡਰਲ ਪ੍ਰੋਸੀਕਿਊਟਰਾਂ ਦੇ ਦਾਅਵਿਆਂ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਉਨ੍ਹਾਂ ਵਲੋਂ ਨਾਮਜ਼ਦ ਵਿਅਕਤੀ ਹੁਣ ਭਾਰਤ ਸਰਕਾਰ ਦਾ ਮੁਲਾਜ਼ਮ ਨਹੀਂ ਹੈ। (ਪੀਟੀਆਈ)