
ਬੈਠਕ ਦਾ ਨਤੀਜਾ ਇਹ ਨਿਰਧਾਰਤ ਕਰੇਗਾ ਕਿ ਉਹ ਅਪਣੀ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਵਾਪਸ ਲੈਣਗੇ ਜਾਂ ਨਹੀਂ : ਡਾਕਟਰ
ਕੋਲਕਾਤਾ : ਅੰਦੋਲਨਕਾਰੀ ਜੂਨੀਅਰ ਡਾਕਟਰਾਂ ਨੇ ਕਿਹਾ ਹੈ ਕਿ ਉਹ ਅਪਣੀਆਂ ਮੰਗਾਂ ਨਾਲ ਜੁੜੇ ਮੁੱਦਿਆਂ ਨੂੰ ਸੁਲਝਾਉਣ ਲਈ ਪਛਮੀ ਬੰਗਾਲ ਸਰਕਾਰ ਵਲੋਂ ਸੋਮਵਾਰ ਨੂੰ ਬੁਲਾਈ ਗਈ ਬੈਠਕ ’ਚ ਸ਼ਾਮਲ ਹੋਣਗੇ। ਡਾਕਟਰਾਂ ਨੇ ਕਿਹਾ ਕਿ ਬੈਠਕ ਦਾ ਨਤੀਜਾ ਇਹ ਨਿਰਧਾਰਤ ਕਰੇਗਾ ਕਿ ਉਹ ਅਪਣੀ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਵਾਪਸ ਲੈਣਗੇ ਜਾਂ ਨਹੀਂ।
ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸਨਿਚਰਵਾਰ ਨੂੰ ਜੂਨੀਅਰ ਡਾਕਟਰਾਂ ਨੂੰ ਅਪੀਲ ਕੀਤੀ ਕਿ ਉਹ ਆਰ.ਜੀ. ਕਰ ਹਸਪਤਾਲ ਵਿਖੇ ਅਪਣੀ ਸਹਿਕਰਮੀ ਨਾਲ ਕਥਿਤ ਜਬਰ ਜਨਾਹ-ਕਤਲ ਦੇ ਵਿਰੋਧ ’ਚ ਮਰਨ ਵਰਤ ਖਤਮ ਕਰਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਜ਼ਿਆਦਾਤਰ ਮੰਗਾਂ ’ਤੇ ਵਿਚਾਰ ਕੀਤਾ ਜਾ ਚੁਕਾ ਹੈ।
ਉਨ੍ਹਾਂ ਨੇ ਜੂਨੀਅਰ ਡਾਕਟਰਾਂ ਦੀ ਸਿਹਤ ਸਕੱਤਰ ਨੂੰ ਹਟਾਉਣ ਦੀ ਮੰਗ ਨੂੰ ਵੀ ਰੱਦ ਕਰ ਦਿਤਾ ਸੀ। ਅੰਦੋਲਨਕਾਰੀ ਡਾਕਟਰਾਂ ਵਿਚੋਂ ਇਕ ਦੇਬਾਸ਼ੀਸ਼ ਹਲਦਰ ਨੇ ਐਤਵਾਰ ਨੂੰ ਪਛਮੀ ਬੰਗਾਲ ਜੂਨੀਅਰ ਡਾਕਟਰਫਰੰਟ ਦੀ ਆਮ ਬੈਠਕ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ, ‘‘ਅਸੀਂ ਬੈਠਕ ਵਿਚ ਸ਼ਾਮਲ ਹੋਵਾਂਗੇ ਪਰ ਉਸ ਤੋਂ ਪਹਿਲਾਂ ਭੁੱਖ ਹੜਤਾਲ ਵਾਪਸ ਨਹੀਂ ਲਵਾਂਗੇ।’’ ਉਨ੍ਹਾਂ ਕਿਹਾ ਕਿ ਬੈਠਕ ਦੇ ਨਤੀਜੇ ਤੈਅ ਕਰਨਗੇ ਕਿ ਅੰਦੋਲਨ ਕਿਸ ਰੂਪ ’ਚ ਜਾਰੀ ਰਹੇਗਾ।
ਮੁੱਖ ਸਕੱਤਰ ਮਨੋਜ ਪੰਤ ਨੇ ਸੋਮਵਾਰ ਨੂੰ ਡਾਕਟਰਾਂ ਨੂੰ ਰਾਜ ਸਕੱਤਰੇਤ ’ਚ ਬੈਨਰਜੀ ਨਾਲ 45 ਮਿੰਟ ਦੀ ਗੱਲਬਾਤ ਲਈ ਸੱਦਾ ਦਿਤਾ, ਬਸ਼ਰਤੇ ਉਹ ਅਪਣੀ ਭੁੱਖ ਹੜਤਾਲ ਵਾਪਸ ਲੈ ਲੈਣ। ਹਾਲਾਂਕਿ, ਜੂਨੀਅਰ ਡਾਕਟਰ ਸਿਹਤ ਸਕੱਤਰ ਐਨ.ਐਸ. ਨਿਗਮ ਦੇ ਅਸਤੀਫੇ ਦੀ ਮੰਗ ਕਰਦੇ ਰਹੇ।
ਹਲਦਰ ਨੇ ਭੁੱਖ ਹੜਤਾਲ ’ਚ ਸ਼ਾਮਲ ਹੋਣ ਵਾਲਿਆਂ ਦੀ ਸਿਹਤ ’ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਇਸ ਸਮੇਂ ਭੁੱਖ ਹੜਤਾਲ ’ਤੇ ਬੈਠੇ ਅੱਠ ਡਾਕਟਰਾਂ ’ਚੋਂ ਤਿੰਨ 5 ਅਕਤੂਬਰ ਤੋਂ, ਦੋ 11 ਅਕਤੂਬਰ ਤੋਂ, ਇਕ 14 ਅਕਤੂਬਰ ਤੋਂ ਅਤੇ ਦੋ 15 ਅਕਤੂਬਰ ਤੋਂ ਹੜਤਾਲ ’ਤੇ ਹਨ। ਭੁੱਖ ਹੜਤਾਲ ’ਤੇ ਗਏ ਛੇ ਹੋਰ ਡਾਕਟਰ ਗੰਭੀਰ ਰੂਪ ਨਾਲ ਬਿਮਾਰ ਹੋ ਗਏ ਹਨ ਅਤੇ ਉਨ੍ਹਾਂ ਨੂੰ ਹਸਪਤਾਲ ’ਚ ਦਾਖਲ ਕਰਵਾਉਣਾ ਪਿਆ ਹੈ।
ਰਾਜ ਭਰ ਤੋਂ ਉਨ੍ਹਾਂ ਦੇ ਸਾਥੀ ਅੰਦੋਲਨਕਾਰੀ ਡਾਕਟਰਾਂ ’ਚ ਸ਼ਾਮਲ ਹੋ ਗਏ ਹਨ। ਉਨ੍ਹਾਂ ਚਿਤਾਵਨੀ ਦਿਤੀ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ 22 ਅਕਤੂਬਰ ਨੂੰ ਪਛਮੀ ਬੰਗਾਲ ’ਚ ਸਾਰੇ ਮੈਡੀਕਲ ਪੇਸ਼ੇਵਰਾਂ ਦੀ ਹੜਤਾਲ ਕਰ ਕੇ ਵਿਰੋਧ ਪ੍ਰਦਰਸ਼ਨ ਨੂੰ ਹੋਰ ਤੇਜ਼ ਕਰਨਗੇ। ਡਾਕਟਰ ਸਿਹਤ ਸਕੱਤਰ ਨੂੰ ਹਟਾਉਣ ਅਤੇ ਮੈਡੀਕਲ ਕਾਲਜਾਂ ’ਚ ਚੋਣਾਂ ਕਰਵਾਉਣ ਦੀ ਵੀ ਮੰਗ ਕਰ ਰਹੇ ਹਨ।