
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਜਾਰੀ ਕੀਤੀ ਸਭ ਤੋਂ ਵੱਧ ਪ੍ਰਦੂਸ਼ਿਤ ਭਾਰਤੀ ਸ਼ਹਿਰਾਂ ਦੀ ਸੂਚੀ
ਨਵੀਂ ਦਿੱਲੀ : ਵੱਧ ਰਿਹਾ ਹਵਾ ਪ੍ਰਦੂਸ਼ਣ ਇੱਕ ਬਹੁਤ ਹੀ ਗੰਭੀਰ ਸਮੱਸਿਆ ਤਾਂ ਬਣਿਆ ਹੀ ਹੋਇਆ ਹੈ ਨਾਲ ਹੀ ਚਰਚਾ ਦਾ ਵਿਸ਼ਾ ਵੀ ਹੈ। ਵਾਰ-ਵਾਰ ਦਿੱਲੀ ਦੇ ਪ੍ਰਦੂਸ਼ਣ ਦੀ ਗੱਲ ਕੀਤੀ ਜਾਂਦੀ ਹੈ ਅਤੇ ਜ਼ਿੰਮੇਵਾਰ ਪੰਜਾਬ ਦੇ ਕਿਸਾਨਾਂ ਅਤੇ ਪਰਾਲੀ ਸਾੜਨ ਨੂੰ ਬਣਾਇਆ ਜਾਂਦਾ ਹੈ ਪਰ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਜਾਰੀ ਕੀਤੀ ਤਾਜ਼ਾ ਜਾਣਕਾਰੀ ਅਨੁਸਾਰ ਬਿਹਾਰ ਦੇ ਕਈ ਸ਼ਹਿਰ ਸਭ ਤੋਂ ਵੱਧ ਪ੍ਰਦੂਸ਼ਿਤ ਹਨ।
ਬੋਰਡ ਵੱਲੋਂ ਸ਼ਹਿਰ-ਵਾਰ ਹਵਾ ਗੁਣਵੱਤਾ ਸੂਚਕਾਂਕ (AQI) ਜਾਰੀ ਕੀਤਾ ਗਿਆ ਹੈ ਜਿਸ ਤਹਿਤ ਬਿਹਾਰ ਦੇ ਦਰਭੰਗਾ ਅਤੇ ਮੋਤੀਹਾਰੀ ਵਿੱਚ ਕ੍ਰਮਵਾਰ ਸਭ ਤੋਂ ਖਰਾਬ AQI 394 ਅਤੇ 377 ਹਨ। ਇਸ ਤੋਂ ਬਾਅਦ ਸੀਵਾਨ (366), ਬੇਤੀਆ (362), ਕਟਿਹਾਰ (358), ਛਪਰਾ (330), ਸਹਰਸਾ (315), ਸਮਸਤੀਪੁਰ (309) ਅਤੇ ਮੁਜ਼ੱਫਰਪੁਰ (303) ਦਾ ਨੰਬਰ ਆਉਂਦਾ ਹੈ। ਸਾਰੇ ਸ਼ਹਿਰ ਹਵਾ ਦੀ ਗੁਣਵੱਤਾ ਦੀ 'ਬਹੁਤ ਮਾੜੀ' ਸ਼੍ਰੇਣੀ ਵਿੱਚ ਆਉਂਦੇ ਹਨ।