
ਪ੍ਰਧਾਨ ਮੰਤਰੀ ਜੀ, 'ਦੋਸਤਾਂ' ਨੂੰ ਮੇਵਾ ਖੁਆਉਣਾ ਬੰਦ ਕਰੋ, ਮਹਿੰਗਾਈ ਨਾਲ ਪੀੜਤ ਜਨਤਾ ਦੀ ਸੇਵਾ ਕਰੋ।
ਨਵੀਂ ਦਿੱਲੀ - ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਕਿਹਾ ਕਿ ਰਾਜਸਥਾਨ 'ਚ ਉਨ੍ਹਾਂ ਦੀ ਸਰਕਾਰ ਨੇ 500 ਰੁਪਏ 'ਚ ਰਸੋਈ ਗੈਸ ਸਿਲੰਡਰ ਦੇਣ ਦਾ ਐਲਾਨ ਕੀਤਾ ਹੈ ਅਤੇ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਮਹਿੰਗਾਈ ਤੋਂ ਪੀੜਤ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ। ਇਨ੍ਹੀਂ ਦਿਨੀਂ 'ਭਾਰਤ ਜੋੜੋ ਯਾਤਰਾ' ਕੱਢ ਰਹੇ ਰਾਹੁਲ ਗਾਂਧੀ ਨੇ ਟਵੀਟ ਕੀਤਾ,''ਰਾਜਸਥਾਨ ਦੀ ਕਾਂਗਰਸ ਸਰਕਾਰ ਵੱਲੋਂ 500 ਰੁਪਏ 'ਚ ਗੈਸ ਸਿਲੰਡਰ ਦੇਣ ਦਾ ਐਲਾਨ ਕੀਤਾ ਗਿਆ ਹੈ। ਇਹ ਕੇਂਦਰ ਸਰਕਾਰ ਦੀਆਂ ਕੀਮਤਾਂ ਦੇ ਅੱਧੇ ਤੋਂ ਵੀ ਘੱਟ ਹੈ।
ਉਨ੍ਹਾਂ ਨੇ ਵਿਅੰਗ ਕਰਦਿਆਂ ਕਿਹਾ,''ਪ੍ਰਧਾਨ ਮੰਤਰੀ ਜੀ, 'ਦੋਸਤਾਂ' ਨੂੰ ਮੇਵਾ ਖੁਆਉਣਾ ਬੰਦ ਕਰੋ, ਮਹਿੰਗਾਈ ਨਾਲ ਪੀੜਤ ਜਨਤਾ ਦੀ ਸੇਵਾ ਕਰੋ।'' ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਸੋਮਵਾਰ ਨੂੰ ਐਲਾਨ ਕੀਤਾ ਸੀ ਕਿ ਉਨ੍ਹਾਂ ਦੀ ਸਰਕਾਰ ਮਹਿੰਗਾਈ ਦੀ ਮਾਰ ਝੱਲ ਰਹੇ ਗਰੀਬ ਪਰਿਵਾਰਾਂ ਨੂੰ ਰਸੋਈ ਗੈਸ ਸਿਲੰਡਰ 500 ਰੁਪਏ 'ਚ ਉਪਲੱਬਧ ਕਰਵਾਏਗੀ। ਗਹਿਲੋਤ ਨੇ ਕਿਹਾ ਸੀ ਕਿ ਸਰਕਾਰ ਇਸ ਬਾਰੇ ਲਾਭਪਾਤਰੀਆਂ ਦੀ ਸ਼੍ਰੇਣੀ ਦਾ ਅਧਿਐਨ ਕਰਵਾ ਕੇ ਇਸ ਨੂੰ ਨਵੇਂ ਵਿੱਤ ਸਾਲ ਯਾਨੀ ਇਕ ਅਪ੍ਰੈਲ ਤੋਂ ਲਾਗੂ ਕਰੇਗੀ।