
ਸਾਧਨਾ ਸਿੰਘ ਨੇ ਕੀਤੀ ਵਿਵਾਦਤ ਟਿਪਣੀ, ਤਿੱਖੀ ਆਲੋਚਨਾ, ਮਹਿਲਾ ਕਮਿਸ਼ਨ ਨੇ ਮੰਗਿਆ ਸਪੱਸ਼ਟੀਕਰਨ......
ਚੰਦੌਲੀ : ਭਾਜਪਾ ਦੀ ਵਿਧਾਇਕਾ ਸਾਧਨਾ ਸਿੰਘ ਨੇ ਕਥਿਤ ਤੌਰ 'ਤੇ ਬਸਪਾ ਮੁਖੀ ਮਾਇਆਵਤੀ ਦੀ ਤੁਲਨਾ ਕਿੰਨਰਾਂ ਨਾਲ ਕਰਦਿਆਂ ਉਸ ਬਾਰੇ ਇਤਰਾਜ਼ਯੋਗ ਟਿਪਣੀ ਕੀਤੀ ਹੈ। ਯੂਪੀ ਦੇ ਮੁਗਲਸਰਾਏ ਖੇਤਰ ਤੋਂ ਭਾਜਪਾ ਵਿਧਾਇਕਾ ਨੇ ਕਰਨਪੁਰਾ ਪਿੰਡ ਵਿਚ ਕਿਸਾਨ ਕੁੰਭ ਪ੍ਰੋਗਰਾਮ ਵਿਚ ਮਾਇਆਵਤੀ ਦਾ ਜ਼ਿਕਰ ਕਰਦਿਆਂ ਕਿਹਾ, 'ਸਾਨੂੰ ਤਾਂ ਯੂਪੀ ਦੀ ਸਾਬਕਾ ਮੁੱਖ ਮੰਤਰੀ ਨਾ ਤਾਂ ਮਹਿਲਾ ਲਗਦੀ ਹੈ ਅਤੇ ਨਾ ਹੀ ਪੁਰਸ਼। ਇਨ੍ਹਾਂ ਨੂੰ ਤਾਂ ਅਪਣਾ ਸਨਮਾਨ ਹੀ ਸਮਝ ਵਿਚ ਨਹੀਂ ਆਉਂਦਾ। ਜਿਸ ਔਰਤ ਦਾ ਏਨਾ ਵੱਡਾ ਚੀਰਹਰਨ ਹੋਇਆ, ਉਸ ਨੇ ਕੁਰਸੀ ਲੈਣ ਲਈ ਅਪਣਾ ਸਾਰਾ ਸਨਮਾਨ ਵੇਚ ਦਿਤਾ।
ਅਜਿਹੀ ਔਰਤ ਮਾਇਆਵਤੀ ਦਾ ਅਸੀਂ ਇਸ ਪ੍ਰੋਗਰਾਮ ਰਾਹੀਂ ਤ੍ਰਿਸਕਾਰ ਕਰਦੇ ਹਾਂ।' ਉਨ੍ਹਾਂ ਕਿਹਾ, 'ਇਹ ਔਰਤ ਨਾਰੀ ਜਾਤ 'ਤੇ ਕਲੰਕ ਹੈ। ਜਿਸ ਔਰਤ ਦੀ ਇੱਜ਼ਤ ਨੂੰ ਭਾਜਪਾ ਦੇ ਆਗੂਆਂ ਨੇ ਲੁਟਦੇ-ਲੁਟਦੇ ਬਚਾਇਆ, ਉਸ ਨੇ ਸੁੱਖ-ਸਹੂਲਤਾਂ ਲਈ ਅਪਮਾਨ ਪੀ ਲਿਆ। ਅਜਿਹੀ ਔਰਤ ਕਿੰਨਰਾਂ ਤੋਂ ਵੀ ਜ਼ਿਆਦਾ ਬਦਤਰ ਹੈ। ਉਹ ਨਾ ਨਰ ਹੈ, ਨਾ ਔਰਤ ਹੈ, ਉਸ ਦੀ ਗਿਣਤੀ ਕਿਸੇ ਸ਼੍ਰੇਣੀ ਵਿਚ ਕਰਨੀ ਹੈ।' ਸਾਧਨਾ ਦੀ ਟਿਪਣੀ ਕਈ ਕਈ ਪਾਸਿਉਂ ਤਿੱਖੀ ਆਲੋਚਨਾ ਹੋਣ ਲੱਗ ਗਈ ਹੈ। ਸਮਾਜਵਾਦੀ ਅਤੇ ਬਸਪਾ ਨੇ ਭਾਜਪਾ ਵਿਧਾਇਕ ਦੀ ਉਸ ਦੀ ਨਿਖੇਧੀ ਕੀਤੀ ਹੈ।
ਉਧਰ, ਦਿੱਲੀ ਵਿਚ ਕੌਮੀ ਮਹਿਲਾ ਕਮਿਸ਼ਨ ਨੇ ਬਸਪਾ ਮੁਖੀ ਬਾਰੇ ਕੀਤੀ ਗਈ ਟਿਪਣੀ ਦਾ ਖ਼ੁਦ ਨੋਟਿਸ ਲਿਆ ਹੈ। ਕਮਿਸ਼ਨ ਇਸ ਸਬੰਧ ਵਿਚ ਸਾਧਨਾ ਨੂੰ ਨੋਟਿਸ ਜਾਰੀ ਕਰ ਕੇ ਸਪੱਸ਼ਟੀਕਰਨ ਮੰਗੇਗਾ। ਬਸਪਾ ਆਗੂ ਸ਼ਤੀਸ਼ ਚੰਦਰ ਨੇ ਕਿਹਾ, 'ਭਾਜਪਾ ਵਿਧਾਇਕ ਨੇ ਬਸਪਾ ਮੁਖੀ ਮਾਇਆਵਤੀ ਲਈ ਜਿਸ ਤਰ੍ਹਾਂ ਦੇ ਸ਼ਬਦ ਵਰਤੇ ਹਨ, ਉਹ ਭਾਜਪਾ ਦੇ ਪੱਧਰ ਨੂੰ ਵਿਖਾਉਂਦੇ ਹਨ।
ਮਹਾਗਠਜੋੜ ਦੇ ਐਲਾਨ ਮਗਰੋਂ ਹੀ ਭਾਜਪਾ ਆਗੂਆਂ ਦਾ ਮਾਨਸਿਕ ਸੰਤੁਲਨ ਵਿਗੜ ਗਿਆ ਹੈ। ਇਨ੍ਹਾਂ ਨੂੰ ਹਸਪਤਾਲਾਂ ਵਿਚ ਦਾਖ਼ਲ ਕਰਾਉ।' ਕੌਮੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਰੇਖਾ ਸ਼ਰਮਾ ਨੇ ਕਿਹਾ ਕਿ ਸਾਧਨਾ ਸਿੰਘ ਨੂੰ ਕਲ ਨੋਟਿਸ ਭੇਜਿਆ ਜਾਵੇਗਾ। ਯੂਪੀ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਕਿਹਾ ਕਿ ਸਾਧਨਾ ਸਿੰਘ ਨੇ ਤਮਾਮ ਔਰਤਾਂ ਦਾ ਅਪਮਾਨ ਕੀਤਾ ਹੈ। (ਏਜੰਸੀ)
ਸਾਧਨਾ ਨੇ ਕਿਹਾ-ਮੇਰਾ ਮਕਸਦ ਅਪਮਾਨ ਕਰਨਾ ਨਹੀਂ ਸੀ, ਮਾਫ਼ੀ ਮੰਗਦੀ ਹਾਂ
ਸਾਧਨਾ ਸਿੰਘ ਨੇ ਬਾਅਦ ਵਿਚ ਮਾਫ਼ੀ ਮੰਗਦਿਆਂ ਕਿਹਾ ਕਿ ਉਸ ਦਾ ਮਕਸਦ ਕਿਸੇ ਦਾ ਅਪਮਾਨ ਕਰਨ ਦਾ ਨਹੀਂ ਸੀ। ਉਸ ਨੇ ਕਿਹਾ, 'ਮੈਂ ਤਾਂ ਬਸ 2 ਜੂਨ 1995 ਨੂੰ ਗੈਸਟ ਹਾਊਸ ਕਾਂਡ ਦੌਰਾਨ ਮਾਇਆਵਤੀ ਦੀ ਭਾਜਪਾ ਆਗੂਆਂ ਦੁਆਰਾ ਕੀਤੀ ਗਈ ਮਦਦ ਦੀ ਯਾਦ ਦਿਵਾਉਣਾ ਚਾਹੁੰਦੀ ਸੀ। ਉਧਰ, ਬਸਪਾ ਆਗੂ ਰਾਮਚੰਦਰ ਗੌਤਮ ਨੇ ਸਾਧਨਾ ਸਿੰਘ ਵਿਰੁਧ ਐਸਸੀ-ਐਸਟੀ ਐਕਟ ਤਹਿਤ ਮਾਮਲਾ ਦਰਜ ਕਰਾਇਆ ਹੈ। ਉਨ੍ਹਾਂ ਕਿਹਾ ਕਿ ਉਸ ਨੇ ਨਾ ਸਿਰਫ਼ ਬਸਪਾ ਮੁਖੀ ਸਗੋਂ ਦਲਿਤ ਔਰਤਾਂ ਦਾ ਅਪਮਾਨ ਕੀਤਾ ਹੈ।