ਮੱਧ ਪ੍ਰਦੇਸ਼ 'ਚ ਵਸਦੇ ਸਿੱਖ ਕਿਸਾਨਾਂ ਦੇ ਹਿਤਾਂ ਦੀ ਰਾਖੀ ਲਈ ਪੰਜਾਬ ਸਰਕਾਰ ਵਚਨਬੱਧ : ਕਾਂਗੜ
ਚੰਡੀਗੜ੍ਹ : ਮੱਧ ਪ੍ਰਦੇਸ਼ ਵਿਚ ਵਸਦੇ ਸਿੱਖ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਪੰਜਾਬ ਸਰਕਾਰ ਵਚਨਬੱਧ ਹੈ। ਉਕਤ ਪ੍ਰਗਟਾਵਾ ਮਾਲ ਮੰਤਰੀ ਪੰਜਾਬ ਸ.ਗੁਰਪ੍ਰੀਤ ਸਿੰਘ ਕਾਂਗੜ ਵਲੋਂ ਮੱਧ ਪ੍ਰਦੇਸ਼ ਦੇ ਸਿਓਪੁਰ ਜ਼ਿਲ੍ਹੇ ਵਿੱਚ ਸਿੱਖਾਂ ਕਿਸਾਨਾਂ ਨਾਲ ਹੋਏ ਧੱਕੇ ਦਾ ਜਾਇਜ਼ਾ ਲੈਣ ਉਪਰੰਤ ਕੀਤਾ।
ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾਲ ਮੰਤਰੀ ਪੰਜਾਬ ਸ.ਗੁਰਪ੍ਰੀਤ ਸਿੰਘ ਕਾਂਗੜ ਇਕ ਵਫਦ ਸਮੇਤ ਸਿਓਪੁਰ ਗਏ ਹਨ। ਵਫਦ ਵਿੱਚ ਸ੍ਰੀ ਕਾਂਗੜ ਤੋਂ ਇਲਾਵਾ ਹਰਮਿੰਦਰ ਸਿੰਘ ਗਿੱਲ ਐਮ.ਐਲ.ਏ, ਸਾਬਕਾ ਐਮ ਪੀ ਐਚ.ਐਸ.ਹੰਸਪਾਲ, ਕਮਿਸ਼ਨਰ ਪਟਿਆਲਾ ਡਵੀਜਨ ਦੀਪਿੰਦਰ ਸਿੰਘ, ਨਰਿੰਦਰ ਸਿੰਘ ਮੈਂਬਰ ਰੈਵੀਨਿਊ ਕਮਿਸ਼ਨ, ਕੈਪਟਨ ਕਰਨੈਲ ਸਿੰਘ ਐਡੀਸ਼ਨਲ ਸਕੱਤਰ ਮਾਲ ਸ਼ਾਮਲ ਹਨ।
ਵਫਦ ਵਲੋਂ ਅੱਜ ਕੁਝ ਪੀੜਤ ਕਿਸਾਨਾਂ ਨਾਲ ਮੁਲਾਕਾਤ ਕੀਤੀ ਗਈ ਅਤੇ ਘਟਨਾ ਸਬੰਧੀ ਮੁੱਢਲੀ ਜਾਣਕਾਰੀ ਹਾਸਲ ਕੀਤੀ ਗਈ। ਪੀੜਤ ਸਿੱਖ ਕਿਸਾਨਾਂ ਨੇ ਦੱਸਿਆ ਕਿ ਉਹ ਸਿਓਪੁਰ ਵਿਚ 1980 ਤੋਂ ਪਹਿਲਾਂ ਦੇ ਖੇਤੀ ਕਰ ਰਹੇ ਹਨ ਅਤੇ ਘਟਨਾ ਵਾਲੀ ਰਾਤ ਉਨ੍ਹਾਂ ਨੂੰ ਬਿਨ੍ਹਾਂ ਅਗਾਊ ਸੂਚਨਾ ਦੇ ਉਨ੍ਹਾਂ ਦੇ ਘਰਾਂ ਨੂੰ ਢਾਹ ਦਿੱਤਾ ਗਿਆ ਅਤੇ ਫ਼ਸਲ ਉਜਾੜ ਦਿੱਤੀ ਗਈ।
ਵਫਦ ਵਲੋਂ ਭਲਕੇ ਸਾਰੇ ਪੀੜਤ ਸਿੱਖ ਕਿਸਾਨਾਂ ਨਾਲ ਮੁਲਾਕਾਤ ਕੀਤੀ ਜਾਵੇਗੀ ਅਤੇ ਦੂਸਰੀ ਧਿਰ ਨਾਲ ਵੀ ਮੁਲਾਕਾਤ ਕਰਨ ਉਪਰੰਤ ਮਾਲ ਵਿਭਾਗ ਦਾ ਰਿਕਾਰਡ ਵੀ ਦੇਖਿਆ ਜਾਵੇਗਾ। ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਨਾਲ ਵੀ ਮੁਲਾਕਾਤ ਕੀਤੀ ਜਾਵੇਗੀ। ਮਾਲ ਮੰਤਰੀ ਕਾਂਗੜ ਨੇ ਪੀੜਤ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਨੂੰ ਪੂਰਾ ਇਨਸਾਫ ਦੁਆਇਆ ਜਾਵੇਗਾ ਅਤੇ ਉਨ੍ਹਾਂ ਦੇ ਮੁੜ ਵਸੇਬਾ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗਾ।