
21 ਮਾਰਚ 2000 ਨੂੰ ਹੋਇਆ ਸੀ 35 ਸਿੱਖਾਂ ਦਾ ਕਤਲ
ਸ੍ਰੀਨਗਰ: (ਫਿਰਦੌਸ਼ ਕਾਦਰੀ) ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿਚ ਪੈਂਦੇ ਛੱਤੀ ਸਿੰਘਪੁਰਾ ਵਿਚ 35 ਸਿੱਖਾਂ ਦੇ ਕਤਲ ਹੋਏ ਨੂੰ 21 ਸਾਲ ਬੀਤ ਚੁੱਕੇ ਹਨ ਪਰ ਅਜੇ ਵੀ ਪੀੜਤ ਇਨਸਾਫ਼ ਦਾ ਇੰਤਜ਼ਾਰ ਕਰ ਰਹੇ ਹਨ।
Chhatti Singhpura
ਅੱਜ ਉਸ ਮੰਦਭਾਗੇ ਕਤਲ ਕਾਂਡ ਦੀ ਬਰਸੀ ਮੌਕੇ ਸਥਾਨਕ ਸਿੱਖਾਂ ਵੱਲੋਂ ਗੁਰਦੁਆਰਾ ਸਿੰਘ ਸਭਾ ਸਮੁੰਦਰੀ ਹਾਲ ਚਿੱਠੀ ਸਿੰਘਪੁਰਾ ਵਿਖੇ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿੱਥੇ ਵੱਡੀ ਗਿਣਤੀ ਵਿਚ ਇਕੱਠੇ ਹੋਏ ਪੀੜਤ ਪਰਿਵਾਰਾਂ ਨੇ ਅਪਣੇ ਮਰਹੂਮ ਮੈਂਬਰਾਂ ਨੂੰ ਯਾਦ ਕੀਤਾ ਅਤੇ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ।
Sikhs of Chhatti Singhpura
ਇਹੀ ਉਹ ਜਗ੍ਹਾ ਹੈ, ਜਿੱਥੇ 35 ਸਿੱਖਾਂ ਨੂੰ ਗੁਰਦੁਆਰਾ ਸਾਹਿਬ ਦੇ ਸਾਹਮਣੇ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਇਹ ਦਿਲ ਦਹਿਲਾ ਦੇਣ ਵਾਲੀ ਘਟਨਾ ਸੀ, ਜਿਸ ਦੇ ਜ਼ਖ਼ਮ ਅਜੇ ਵੀ ਸਿੱਖਾਂ ਦੇ ਦਿਲਾਂ ’ਤੇ ਨਾਸੂਰ ਬਣ ਕੇ ਰੜਕ ਰਹੇ ਹਨ।
Sikhs of Chhatti Singhpura
ਇਸ ਮੌਕੇ ਗੱਲਬਾਤ ਕਰਦਿਆਂ ਸਥਾਨਕ ਸਿੱਖਾਂ ਨੇ ਆਖਿਆ ਕਿ 21 ਸਾਲ ਹੋ ਗਏ ਕਿਸੇ ਸਰਕਾਰ ਨੇ ਸਿੱਖਾਂ ਨੂੰ ਇਨਸਾਫ਼ ਨਹੀਂ ਦਿਵਾਇਆ। ਉਨ੍ਹਾਂ ਆਖਿਆ ਕਿ ਸਿੱਖਾਂ ’ਤੇ ਹੋਏ ਹਮਲੇ ਦਾ ਅਸੀਂ ਖ਼ੁਦ ਪਤਾ ਲਗਾਵਾਂਗੇ, ਭਾਵੇਂ ਇਸ ਦੇ ਲਈ 300 ਕਿਉਂ ਨਾ ਲੱਗ ਜਾਣ।
ਦੱਸ ਦਈਏ ਕਿ ਇਹ ਖ਼ੂਨੀ ਹੋਲੀ ਉਸ ਸਮੇਂ ਖੇਡੀ ਗਈ ਸੀ ਜਦੋਂ ਤਤਕਾਲੀਨ ਅਮਰੀਕੀ ਰਾਸ਼ਟਰਪਤੀ ਬਿਲ ਕਲਿਟਨ ਭਾਰਤ ਦੇ ਦੌਰੇ ’ਤੇ ਆਏ ਸਨ। 20 ਅਤੇ 21 ਮਾਰਚ 2000 ਨੂੰ ਵਰਦੀ ਵਿਚ ਆਏ ਕੁੱਝ ਹਥਿਆਰਬੰਦ ਲੋਕਾਂ ਦੇ ਇਕ ਸਮੂਹ ਨੇ ਸਿੱਖਾਂ ਨੂੰ ਅਨੰਤਨਾਗ ਜ਼ਿਲ੍ਹੇ ਦੇ ਛੱਤੀ ਸਿੰਘਪੁਰਾ ਵਿਚ ਇਕੱਠੇ ਹੋਣ ਦਾ ਨਿਰਦੇਸ਼ ਦਿੱਤਾ ਸੀ, ਜਿਸ ਮਗਰੋਂ ਉਨ੍ਹਾਂ ’ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਗਈਆਂ ਅਤੇ 35 ਸਿੱਖਾਂ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ।
ਭਾਵੇਂ ਕਿ ਇਸ ਹੱਤਿਆ ਕਾਂਡ ਦੀ ਜਾਂਚ ਲਈ ਸਰਕਾਰ ਨੇ ਕਈ ਵਾਰ ਆਦੇਸ਼ ਜਾਰੀ ਕੀਤੇ ਪਰ ਕੋਈ ਵੀ ਜਾਂਚ ਨਤੀਜੇ ’ਤੇ ਨਹੀਂ ਪਹੁੰਚ ਸਕੀ। ਖ਼ੈਰ, ਪੀੜਤ ਸਿੱਖਾਂ ਨੂੰ 21 ਸਾਲ ਮਗਰੋਂ ਵੀ ਇਨਸਾਫ਼ ਦੀ ਉਮੀਦ ਹੈ, ਦੇਖਣਾ ਹੋਵੇਗਾ ਕਿ ਉਨ੍ਹਾਂ ਨੂੰ ਕਦੋਂ ਇਨਸਾਫ਼ ਮਿਲੇਗਾ?