ਇਸ ਸਾਜ਼ਿਸ਼ ਪਿੱਛੇ ਕੇਂਦਰ ਦਾ ਹੱਥ ਹੈ ਅਤੇ ਉਸ ਦੇ ਇਸ਼ਾਰੇ 'ਤੇ ਹੀ ਬਜਟ 'ਚ ਦੇਰੀ ਕੀਤੀ ਜਾ ਰਹੀ ਹੈ।
ਨਵੀਂ ਦਿੱਲੀ- ਆਮ ਆਦਮੀ ਪਾਰਟੀ (ਆਪ) ਨੇ ਮੰਗਲਵਾਰ ਨੂੰ ਦੋਸ਼ ਲਾਇਆ ਕਿ ਕੇਂਦਰ ਨੇ ਦਿੱਲੀ ਦੇ ਬਜਟ ਨੂੰ ਰੋਕਣ ਦੀ ਸਾਜ਼ਿਸ਼ ਰਚੀ ਅਤੇ ਕਿਹਾ ਕਿ ਇਹ ਗੈਰ-ਜਮਹੂਰੀ ਹੈ ਕਿ ਕੇਂਦਰੀ ਗ੍ਰਹਿ ਮੰਤਰਾਲੇ ਦੇ ਅਧਿਕਾਰੀ ਰਾਸ਼ਟਰੀ ਰਾਜਧਾਨੀ ਲਈ ਬਜਟ ਖਰਚਿਆਂ ਦਾ ਫੈਸਲਾ ਕਰ ਰਹੇ ਹਨ। ਇੱਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ‘ਆਪ’ ਦੇ ਕੌਮੀ ਬੁਲਾਰੇ ਅਤੇ ਦਿੱਲੀ ਦੇ ਮੰਤਰੀ ਸੌਰਭ ਭਾਰਦਵਾਜ ਨੇ ਕਿਹਾ ਕਿ ਇਹ ਬੇਹੱਦ ‘ਸ਼ਰਮਨਾਕ’ ਹੈ ਕਿ ਬਜਟ ਰੋਕਿਆ ਗਿਆ ਹੈ।
ਉਹਨਾਂ ਨੇ ਕਿਹਾ, “ਸਾਡਾ ਪੂਰੀ ਦੁਨੀਆ ਦੇ ਸਾਹਮਣੇ ਮਜ਼ਾਕ ਉਡਾਇਆ ਗਿਆ ਹੈ। ਇਹ ਸ਼ਰਮਨਾਕ ਹੈ ਕਿ ਕੇਂਦਰ ਛੋਟੇ ਸੂਬੇ ਦੇ ਬਜਟ ਨੂੰ ਰੋਕ ਰਿਹਾ ਹੈ।ਭਾਰਦਵਾਜ ਨੇ ਕਿਹਾ ਕਿ ਗ੍ਰਹਿ ਮੰਤਰਾਲੇ ਨੇ ਦਿੱਲੀ ਸਰਕਾਰ ਦੇ ਬਜਟ ਬਾਰੇ ਕੁਝ ਚਿੰਤਾਵਾਂ ਪ੍ਰਗਟਾਈਆਂ ਸਨ ਅਤੇ 17 ਮਾਰਚ ਨੂੰ ਮੁੱਖ ਸਕੱਤਰ ਨੂੰ ਭੇਜੇ ਪੱਤਰ ਵਿਚ ਇਸ ਨੂੰ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਦੋਸ਼ ਲਾਇਆ, ‘‘ਉਹ (ਮੁੱਖ ਸਕੱਤਰ) ਤਿੰਨ ਦਿਨ ਇਸ ਨੂੰ ਦਬਾ ਕੇ ਬੈਠੇ ਰਹੇ। ਇਹ ਕਿਸੇ ਵੀ ਦੇਸ਼ ਵਿਰੋਧੀ ਗਤੀਵਿਧੀ ਨਾਲੋਂ ਵੱਡਾ ਕਦਮ ਹੈ। ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਇਸ ਸਾਜ਼ਿਸ਼ ਪਿੱਛੇ ਕੇਂਦਰ ਦਾ ਹੱਥ ਹੈ ਅਤੇ ਉਸ ਦੇ ਇਸ਼ਾਰੇ 'ਤੇ ਹੀ ਬਜਟ 'ਚ ਦੇਰੀ ਕੀਤੀ ਜਾ ਰਹੀ ਹੈ।
'ਆਪ' ਦੇ ਸੀਨੀਅਰ ਨੇਤਾ ਨੇ ਕਿਹਾ ਕਿ ਬਜਟ ਇਕ ਪਵਿੱਤਰ ਦਸਤਾਵੇਜ਼ ਅਤੇ ਗੁਪਤ ਅਭਿਆਸ ਹੈ। ਉਨ੍ਹਾਂ ਸਵਾਲ ਕੀਤਾ ਕਿ ਕੇਂਦਰ 'ਚ ਬੈਠਾ ਕੋਈ 'ਬਾਬੂ' (ਦਿੱਲੀ) ਸਰਕਾਰ ਦੇ ਖਰਚੇ 'ਤੇ ਕਿਵੇਂ ਸਵਾਲ ਉਠਾ ਸਕਦਾ ਹੈ।