
ਮਰੀਜ਼ਾਂ ਦੇ ਠੀਕ ਹੋਣ ਦੀ ਦਰ 14 ਫ਼ੀ ਸਦੀ ਤੋਂ 17 ਫ਼ੀ ਸਦੀ ਹੋਈ
ਨਵੀਂ ਦਿੱਲੀ, 21 ਅਪ੍ਰੈਲ: ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਮੰਗਲਵਾਰ ਨੂੰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚ ਕੋਰੋਨਾ ਵਾਇਰਸ ਦੀ ਲਾਗ ਦੇ ਨਵੇਂ ਮਾਮਲਿਆਂ ਵਿਚ ਕਮੀ ਅਤੇ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ ਹਾਲਾਂਕਿ ਮ੍ਰਿਤਕਾਂ ਦੀ ਵੀ ਗਿਣਤੀ ਵਧੀ ਹੈ।
ਕਲਕੱਤਾ 'ਚ ਇਕ ਪੁਲਿਸ ਮੁਲਾਜ਼ਮ ਮਸ਼ਹੂਰ ਰਾਈਟਰਸ ਬਿਲਡਿੰਗ 'ਚ ਦਾਖ਼ਲੇ ਸਮੇਂ ਵਿਅਕਤੀ ਦੇ ਸਰੀਰ ਦੇ ਤਾਪਮਾਨ ਦੀ ਜਾਂਚ ਕਰਦਾ ਹੋਇਆ। ਪੀਟੀਆਈ
ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਪੱਤਰਕਾਰ ਸੰਮੇਲਨ ਵਿਚ ਦਸਿਆ ਕਿ ਕੋਰੋਨਾ ਵਾਇਰਸ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ 18601 'ਤੇ ਪਹੁੰਚ ਗਈ ਹੈ। ਉਨ੍ਹਾਂ ਕਿਹਾ ਕਿ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵੀ ਵੱਧ ਕੇ 3252 ਹੋ ਗਈ ਹੈ। ਉਨ੍ਹਾਂ ਕਿਹਾ ਕਿ ਪਿਛਲੇ 24 ਘੰਟਿਆਂ ਵਿਚ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 705 ਸੀ ਜੋ ਇਕ ਦਿਨ ਵਿਚ ਤੰਦਰੁਸਤ ਹੋਣ ਵਾਲਿਆਂ ਦੀ ਸੱਭ ਤੋਂ ਜ਼ਿਆਦਾ ਗਿਣਤੀ ਹੈ। ਅਗਰਵਾਲ ਨੇ ਕਿਹਾ ਕਿ ਸਿਹਤਮੰਦ ਹੋਣ ਵਾਲੇ ਮਰੀਜ਼ਾਂ ਦਾ ਫ਼ੀ ਸਦੀ 14.75 ਤੋਂ ਵੱਧ ਕੇ 17.48 ਹੋ ਗਿਆ ਹੈ। ਉਨ੍ਹਾਂ ਦਸਿਆ ਕਿ 24 ਘੰਟਿਆਂ ਵਿਚ ਲਾਗ ਦੇ 1336 ਨਵੇਂ ਮਾਮਲੇ ਸਾਹਮਣੇ ਆਏ ਹਨ। ਸੋਮਵਾਰ ਨੂੰ ਇਹ ਗਿਣਤੀ 1553 ਸੀ।
ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਦੇਸ਼ ਵਿਚ ਕੋਰੋਨਾ ਵਾਇਰਸ ਲਾਗ ਨਾਲ ਮਰਨ ਵਾਲਿਆਂ ਦੀ ਕੁਲ ਗਿਣਤੀ 590 ਹੋ ਗਈ ਹੈ। ਪਿਛਲੇ 24 ਘੰਟਿਆਂ ਵਿਚ ਲਾਗ ਨਾਲ ਮੌਤਾਂ ਦੇ 47 ਨਵੇਂ ਮਾਮਲੇ ਸਾਹਮਣੇ ਆਏ ਹਨ। ਜ਼ਿਕਰਯੋਗ ਹੈ ਕਿ ਸੋਮਵਾਰ ਨੂੰ 24 ਘੰਟਿਆਂ ਵਿਚ ਮਰਨ ਵਾਲਿਆਂ ਦੀ ਗਿਣਤੀ 36 ਸੀ। ਜਿਹੜੇ ਜ਼ਿਲ੍ਹਿਆਂ ਵਿਚ 28 ਦਿਨਾਂ ਤੋਂ ਇਕ ਵੀ ਪੀੜਤ ਮਰੀਜ਼ ਨਹੀਂ ਮਿਲਿਆ, ਉਨ੍ਹਾਂ ਵਿਚ ਪੁਡੂਚੇਰੀ ਦੇ ਮਾਹੇ, ਕਰਨਾਟਕ ਦੇ ਕੋਡਾਗੂ ਅਤੇ ਉਤਰਾਖੰਡ ਦੇ ਪੌੜੀ ਗੜਵਾਲ ਤੋਂ ਇਲਾਵਾ ਰਾਜਸਥਾਨ ਦਾ ਪ੍ਰਤਾਪਗੜ੍ਹ ਜ਼ਿਲ੍ਹਾ ਵੀ ਸ਼ਾਮਲ ਹੈ। 23 ਰਾਜਾਂ ਦੇ 61 ਜ਼ਿਲ੍ਹੇ ਅਜਿਹੇ ਹਨ ਜਿਨ੍ਹਾਂ ਵਿਚ ਪਿਛਲੇ 14 ਦਿਨਾਂ ਤੋਂ ਲਾਗ ਦੇ ਕਿਸੇ ਵੀ ਮਾਮਲੇ ਦੀ ਪੁਸ਼ਟੀ ਨਹੀਂ ਹੋਈ। ਸੋਮਵਾਰ ਤਕ ਅਜਿਹੇ ਜ਼ਿਲ੍ਹਿਆਂ ਦੀ ਗਿਣਤੀ 59 ਸੀ। ਅਗਰਵਾਲ ਨੇ ਦਸਿਆ ਕਿ ਸਿਹਤ ਮੰਤਰਾਲਾ ਨੇ ਗ਼ੈਰ ਕੋਵਿਡ 19 ਹਸਪਤਾਲਾਂ ਵਿਚ ਸਿਹਤ ਮੁਲਾਜ਼ਮਾਂ ਦੇ ਕੋਰੋਨਾ ਵਾਇਰਸ ਤੋਂ ਪੀੜਤ ਮਿਲਣ ਦੀਆਂ ਘਟਨਾਵਾਂ ਕਾਰਨ ਅਜਿਹੇ ਹਸਪਤਾਲਾਂ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ਜਿਨ੍ਹਾਂ ਤਹਿਤ ਸਾਰੇ ਹਸਪਤਾਲਾਂ ਨੂੰ ਆਫ਼ਤ ਪ੍ਰਬੰਧ ਕਾਰਜ ਯੋਜਨਾ ਬਣਾ ਕੇ ਉਸ ਨੂੰ ਅਮਲ ਵਿਚ ਲਿਆਉਣ ਲਈ ਆਖਿਆ ਗਿਆ ਹੈ। (ਏਜੰਸੀ)