
ਜਸਟਿਸ ਸੂਰਿਆਕਾਂਤ ਅਤੇ ਜਸਟਿਸ ਐਨ. ਕੋਟੀਸ਼ਵਰ ਸਿੰਘ ਦੇ ਬੈਂਚ ਨੇ ਇਲਾਹਾਬਾਦੀਆ ਦੀ ਪਟੀਸ਼ਨ 'ਤੇ ਕਰਨਗੇ ਵਿਚਾਰ
ਸੁਪਰੀਮ ਕੋਰਟ ਨੇ ਸੋਮਵਾਰ ਨੂੰ ਕਿਹਾ ਕਿ ਪੋਡਕਾਸਟਰ ਰਣਵੀਰ ਇਲਾਹਾਬਾਦੀਆ ਦੀ ਜਾਂਚ ਪੂਰੀ ਹੋ ਗਈ ਹੈ ਅਤੇ ਇੱਕ ਯੂਟਿਊਬ ਸ਼ੋਅ 'ਤੇ ਉਨ੍ਹਾਂ ਦੀਆਂ ਇਤਰਾਜ਼ਯੋਗ ਟਿੱਪਣੀਆਂ ਦੇ ਮਾਮਲੇ ਵਿੱਚ ਉਨ੍ਹਾਂ ਦਾ ਪਾਸਪੋਰਟ ਵਾਪਸ ਕਰਨ ਦੀ ਮੰਗ ਕਰਨ ਵਾਲੀ ਪਟੀਸ਼ਨ 'ਤੇ 28 ਅਪ੍ਰੈਲ ਨੂੰ ਸੁਣਵਾਈ ਹੋਵੇਗੀ।
18 ਫਰਵਰੀ ਨੂੰ, ਸਿਖਰਲੀ ਅਦਾਲਤ ਨੇ ਇਲਾਹਾਬਾਦੀਆ ਨੂੰ ਇੱਕ ਯੂਟਿਊਬ ਪ੍ਰੋਗਰਾਮ ਦੌਰਾਨ ਕੀਤੀਆਂ ਟਿੱਪਣੀਆਂ ਨੂੰ ਲੈ ਕੇ ਦਰਜ ਕਈ ਐਫਆਈਆਰਜ਼ ਦੇ ਸਬੰਧ ਵਿੱਚ ਗ੍ਰਿਫ਼ਤਾਰੀ ਤੋਂ ਰਾਹਤ ਦਿੱਤੀ ਸੀ ਅਤੇ ਉਸਨੂੰ ਆਪਣਾ ਪਾਸਪੋਰਟ ਠਾਣੇ ਦੇ ਨੋਡਲ ਸਾਈਬਰ ਪੁਲਿਸ ਸਟੇਸ਼ਨ ਦੇ ਜਾਂਚ ਅਧਿਕਾਰੀ ਨੂੰ ਸੌਂਪਣ ਦਾ ਨਿਰਦੇਸ਼ ਦਿੱਤਾ ਸੀ।
ਜਸਟਿਸ ਸੂਰਿਆਕਾਂਤ ਅਤੇ ਜਸਟਿਸ ਐਨ. ਕੋਟੀਸ਼ਵਰ ਸਿੰਘ ਦੇ ਬੈਂਚ ਨੇ ਕਿਹਾ ਕਿ ਉਹ 28 ਅਪ੍ਰੈਲ ਨੂੰ ਇਲਾਹਾਬਾਦੀਆ ਦੀ ਪਟੀਸ਼ਨ 'ਤੇ ਵਿਚਾਰ ਕਰਨਗੇ।
ਸੁਣਵਾਈ ਦੌਰਾਨ, ਅਸਾਮ ਅਤੇ ਮਹਾਰਾਸ਼ਟਰ ਪੁਲਿਸ ਵੱਲੋਂ ਪੇਸ਼ ਹੋਏ ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਗੁਹਾਟੀ ਐਫਆਈਆਰ ਵਿੱਚ ਇੱਕ ਸਹਿ-ਮੁਲਜ਼ਮ ਦਾ ਬਿਆਨ ਦਰਜ ਕੀਤਾ ਜਾਵੇਗਾ, ਜਦੋਂ ਕਿ ਮੁੰਬਈ ਐਫਆਈਆਰ ਦੇ ਸਬੰਧ ਵਿੱਚ, ਜਾਂਚ ਪੂਰੀ ਹੋ ਗਈ ਹੈ ਪਰ ਚਾਰਜਸ਼ੀਟ ਅਜੇ ਦਾਇਰ ਨਹੀਂ ਕੀਤੀ ਗਈ ਹੈ। ਬੈਂਚ ਨੇ ਮਹਿਤਾ ਦਾ ਬਿਆਨ ਦਰਜ ਕੀਤਾ ਅਤੇ ਪਾਇਆ ਕਿ ਇਲਾਹਾਬਾਦੀਆ ਦੇ ਮਾਮਲੇ ਦੀ ਜਾਂਚ ਪੂਰੀ ਹੋ ਗਈ ਹੈ।