
10 ਕੈਦੀਆਂ ਵਿਰੁਧ ਮਾਮਲਾ ਦਰਜ
ਅੰਬਾਲਾ: ਅੰਬਾਲਾ ਸੈਂਟਰਲ ਜੇਲ ਅੰਦਰ ਕੁਝ ਕੈਦੀਆਂ ਨੇ ਦੋ ਧਿਰਾਂ ਵਿਚਕਾਰ ਲੜਾਈ ਨੂੰ ਛੁਡਾਉਣ ਦੀ ਕੋਸ਼ਿਸ਼ ਕਰ ਰਹੇ ਜੇਲ ਦੇ ਮੁਲਾਜ਼ਮ ’ਤੇ ਪੇਚਕਸ ਨਾਲ ਹਮਲਾ ਕਰ ਦਿਤਾ।ਪੁਲਿਸ ਨੇ ਦਸਿਆ ਕਿ ‘ਵਾਰਡਰ’ ਦੇ ਅਹੁਦੇ ’ਤੇ ਤੈਨਾਤ ਮੁਲਾਜ਼ਮ ਦੇ ਰੋਣ ਦੀ ਆਵਾਜ਼ ਸੁਣ ਕੇ ਉਥੇ ਪੁੱਜੇ ਜੇਲ ਦੇ ਹੋਰ ਮੁਲਾਜ਼ਮਾਂ ਨੇ ਉਸ ਨੂੰ ਬਚਾਇਆ।
ਬਲਦੇਵ ਨਗਰ ਥਾਣੇ ’ਚ ਦਰਜ ਸ਼ਿਕਾਇਤ ’ਚ ‘ਵਾਰਡਰ’ ਰਮੇਸ਼ ਸਿੰਘ ਨੇ ਕਿਹਾ ਹੈ ਕਿ ਬਲਾਕ ਨੰਬਰ-5 ਬੈਰਕ ਦਾ ਇੰਚਾਰਜ ਹੋਣ ਨਾਤੇ ਉਹ ਮੰਗਲਵਾਰ ਦੀ ਸ਼ਾਮ ਕੈਦੀਆਂ ਦੀ ਗਿਣਤੀ ਲਈ ਉੱਥੇ ਗਏ ਸਨ। ਪੁਲਿਸ ਮੁਤਾਬਕ, ਜਦੋਂ ਉਨ੍ਹਾਂ ਨੇ ਬੈਰਕ ਖੋਲ੍ਹਿਆ ਤਾਂ ਕੈਦੀਆਂ ਦੇ ਦੋ ਧਿਰਾਂ ਨੂੰ ਲੜਦਿਆਂ ਵੇਖਿਆ।
ਪੁਲਿਸ ਨੇ ਕਿਹਾ ਕਿ ਜਦੋਂ ਰਮੇਸ਼ ਸਿੰਘ ਨੇ ਉਨ੍ਹਾਂ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਇਕ ਕੈਦੀ ਅਤੇ ਉਸ ਦੇ ਸਾਥੀਆਂ ਨੇ ਉਸ ’ਤੇ ਛੋਟੇ ਪੇਚਕਸ ਨਾਲ ਹਮਲਾ ਕਰ ਦਿਤਾ। ਹਮਲਾ ਕਰਨ ਵਾਲੇ ਕੈਦੀ ਨੂੰ ਛੇ ਮਹੀਨੇ ਪਹਿਲਾਂ ਕਤਲ ਦੀ ਕੋਸ਼ਿਸ਼ ਦੇ ਜੁਰਮ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ।
ਰਮੇਸ਼ ਸਿੰਘ ਨੇ ਅਪਣੀ ਸ਼ਿਕਾਇਤ ’ਚ ਦੋਸ਼ ਲਾਇਆ ਕਿ ਕੈਦੀਆਂ ਨੇ ਉਸ ਨੂੰ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਕਿਹਾ ਕਿ ਅੰਬਾਲਾ ਸੈਂਟਰਲ ਜੇਲ ਦੇ 10 ਕੈਦੀਆਂ ਵਿਰੁਧ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਸ਼ੁਰੂ ਕਰ ਦਿਤੀ ਗਈ ਹੈ।