
ਸਰਕਾਰ ਨਾਲ ਕਲ ਦੇਰ ਰਾਤ ਤਕ ਜਾਰੀ ਟਰਾਂਸਪੋਰਟਰਾਂ ਦੀ ਗੱਲਬਾਤ ਬੇਨਤੀਜਾ ਰਹਿਣ ਮਗਰੋਂ ਟਰੱਕ ਆਪਰੇਟਰ ਅੱਜ ਤੋਂ ਅਣਮਿੱਥੇ ਸਮੇਂ ਲਈ ਹੜਤਾਲ 'ਤੇ ਚਲੇ ਗਏ............
ਨਵੀਂ ਦਿੱਲੀ : ਸਰਕਾਰ ਨਾਲ ਕਲ ਦੇਰ ਰਾਤ ਤਕ ਜਾਰੀ ਟਰਾਂਸਪੋਰਟਰਾਂ ਦੀ ਗੱਲਬਾਤ ਬੇਨਤੀਜਾ ਰਹਿਣ ਮਗਰੋਂ ਟਰੱਕ ਆਪਰੇਟਰ ਅੱਜ ਤੋਂ ਅਣਮਿੱਥੇ ਸਮੇਂ ਲਈ ਹੜਤਾਲ 'ਤੇ ਚਲੇ ਗਏ ਹਾਲਾਂਕਿ ਹੁਣ ਤਕ ਹੜਤਾਲ ਦਾ ਜ਼ਿਆਦਾ ਅਸਰ ਵੇਖਣ ਨੂੰ ਨਹੀਂ ਮਿਲਿਆ। ਡੀਜ਼ਲ ਦੀਆਂ ਕੀਮਤਾਂ ਅਤੇ ਟੋਲ ਫ਼ੀਸ ਵਿਚ ਕਮੀ ਦੀ ਮੰਗ ਕਾਰਨ ਟਰੱਕ ਅਤੇ ਬੱਸ ਆਪਰੇਟਰਜ਼ ਸੰਗਠਨ ਆਲ ਇੰਡੀਆ ਮੋਟਰ ਟਰਾਂਸਪੋਰਟਰ ਕਾਂਗਰਸ ਦੀ ਅਗਵਾਈ ਵਿਚ ਟਰਾਂਸਪੋਰਟਰ ਹੜਤਾਲ 'ਤੇ ਹਨ। ਕਿਹਾ ਗਿਆ ਹੈ ਕਿ ਕੁੱਝ ਥਾਵਾਂ ਨੂੰ ਛੱਡ ਕੇ ਹੜਤਾਲ ਦਾ ਜ਼ਿਆਦਾ ਅਸਰ ਵਿਖਾਈ ਨਹੀਂ ਦਿਤਾ
ਕਿਉਂਕਿ ਟਰਾਂਸਪੋਰਟਰਾਂ ਨੂੰ ਇਸ ਮਾਮਲੇ ਵਿਚ ਛੇਤੀ ਹੀ ਕੋਈ ਹੱਲ ਨਿਕਲਣ ਦੀ ਉਮੀਦ ਹੈ। ਏਆਈਐਮਟੀਸੀ ਦੇ ਜਨਰਲ ਸਕੱਤਰ ਨਵੀਨ ਗੁਪਤਾ ਨੇ ਕਿਹਾ ਕਿ ਵਿੱਤ ਮੰਤਰੀ ਪੀਯੂਸ਼ ਗੋਇਲ ਨਾਲ ਕਲ ਰਾਤ ਚਰਚਾ ਜਾਰੀ ਰਹੀ ਪਰ ਕੋਈ ਪੱਕਾ ਨਤੀਜਾ ਨਹੀਂ ਨਿਕਲਿਆ ਜਿਸ ਕਾਰਨ ਉਨ੍ਹਾਂ ਅੱਜ ਸਵੇਰੇ ਹੜਤਾਲ 'ਤੇ ਜਾਣ ਦਾ ਫ਼ੈਸਲਾ ਕੀਤਾ। ਗੁਪਤਾ ਨੇ ਕਿਹਾ ਕਿ ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਤਿੰਨ ਮਹੀਨਿਆਂ ਦਾ ਸਮਾਂ ਮੰਗਿਆ ਸੀ। ਟਰਾਂਸਪੋਰਟਰਾਂ ਦੀ ਮੰਗ ਹੈ ਕਿ ਡੀਜ਼ਲ ਨੂੰ ਜੀਐਸਟੀ ਦੇ ਦਾਇਰੇ ਵਿਚ ਲਿਆਂਦਾ ਜਾਵੇ। ਉਨ੍ਹਾਂ ਨੇ ਜ਼ਿਆਦਾ ਬੀਮਾ ਕਿਸਤ ਅਤੇ ਥਰਡ ਪਾਰਟੀ ਬੀਮਾ ਕਿਸਤ 'ਤੇ ਜੀਐਸਟੀ ਵਿਚ ਛੋਟ ਦੇਣ ਵੀ ਮੰਗ ਕੀਤੀ ਹੈ। (ਏਜੰਸੀ)