
ਕੋਰੋਨਾ ਦੇ ਦੌਰ ’ਚ ਨੀਂਹ ਪੱਥਰ ਸਮਾਗਮ ਦੀਆਂ ਤਿਆਰੀਆਂ, ਅਡਵਾਨੀ ਸਣੇ ਮੰਦਰ ਅੰਦੋਲਨ ਦੀਆਂ ਸ਼ਖ਼ਸੀਅਤਾਂ ਵੀ ਪੁਜਣਗੀਆਂ
ਨਵੀਂ ਦਿੱਲੀ, 20 ਜੁਲਾਈ : ਵਿਸ਼ਵ ਹਿੰਦੂ ਪਰਿਸ਼ਦ ਨੇ ਕਿਹਾ ਹੈ ਕਿ ਰਾਮ ਜਨਮ ਭੂਮੀ ਮੰਦਰ ਦਾ ਮੁੱਦਾ ਠੰਢੇ ਬਸਤੇ ਵਿਚ ਨਹੀਂ ਰਖਿਆ ਜਾ ਸਕਦਾ ਅਤੇ ਸਿਰਫ਼ ਇਹੋ ਉਚਿਤ ਹੋਵੇਗਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਯੋਧਿਆ ਜਾ ਕੇ ਭੂਮੀ ਪੂਜਨ ਕਰਨ ਅਤੇ ਮੰਦਰ ਨਿਰਮਾਣ ਦਾ ਕੰਮ ਅੱਗੇ ਵਧਾਉਣ। ਪਰਿਸ਼ਦ ਦਾ ਬਿਆਨ ਐਨਸੀਪੀ ਮੁਖੀ ਸ਼ਰਦ ਪਵਾਰ ਦੀ ਉਸ ਟਿਪਣੀ ਦੇ ਸਬੰਧ ਵਿਚ ਆਇਆ ਜਿਸ ਵਿਚ ਉਨ੍ਹਾਂ ਕਲ ਕਿਹਾ ਸੀ ਕਿ ਕੁੱਝ ਲੋਕਾਂ ਨੂੰ ਲਗਦਾ ਹੈ ਕਿ ਮੰਦਰ ਬਣਾਉਣ ਨਾਲ ਕੋਰੋਨਾ ਵਾਇਰਸ ਮਹਾਂਮਾਰੀ ਨੂੰ ਰੋਕਣ ਵਿਚ ਮਦਦ ਮਿਲੇਗੀ।
ਜਨਮਭੂਮੀ ਤੀਰਥ ਖੇਤਰ ਟਰੱਸਟ ਨੇ ਅਯੋਧਿਆ ਵਿਚ ਰਾਮ ਮੰਦਰ ਦਾ ਨੀਂਹ ਪੱਥਰ ਰੱਖਣ ਲਈ ਅਗਲੇ ਮਹੀਨੇ ਦੋ ਤਰੀਕਾਂ ਦਾ ਸੁਝਾਅ ਦਿਤਾ ਸੀ ਜਿਸ ਤੋਂ ਬਾਅਦ ਪਰਵਾਰ ਦੀ ਇਹ ਟਿਪਣੀ ਆਈ ਸੀ। ਪਵਾਰ ਦੀ ਟਿਪਣੀ ਦਾ ਕਾਂਗਰਸ ਆਗੂ ਦਿਗਵਿਜੇ ਸਿੰਘ ਨੇ ਸਮਰਥਨ ਕੀਤਾ ਸੀ ਅਤੇ ਕਿਹਾ ਸੀ, ‘ਕਾਸ਼ ਮੋਦੀ ਸ਼ਾਹ ਤੁਹਾਡੇ ਕਹਿਣ ’ਤੇ ਚਲਦੇ ਤਾਂ ਦੇਸ਼ ਦੇ ਹਾਲਾਤ ਇਹ ਨਾ ਹੁੰਦੇ।’
ਟਰੱਸਟ ਨੇ ਤਿੰਨ ਜਾਂ ਪੰਜ ਅਗੱਸਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨੀਂਹ ਪੱਥਰ ਰੱਖਣ ਦਾ ਸੱਦਾ ਦਿਤਾ ਹੈ। ਪਰਿਸ਼ਦ ਦੇ ਕਾਰਜਕਾਰੀ ਪ੍ਰਧਾਨ ਆਲੋਕ ਕੁਮਾਰ ਨੇ ਕਿਹਾ ਕਿ ਇਸ ਸਬੰਧ ਵਿਚ ਪਵਾਰ ਅਤੇ ਦਿਗਵਿਜੇ ਸਿੰਘ ਦਾ ਬਿਆਨ ਉਨ੍ਹਾਂ ਦੀ ਸਮਝ ਤੋਂ ਪਰ੍ਹੇ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ, ਯੂਪੀ ਸਰਕਾਰ ਅਤੇ ਹੋਰ ਰਾਜ ਸਰਕਾਰਾਂ ਕੋਰੋਨਾ ਮਹਾਂਮਾਰੀ ਦਾ ਮਜ਼ਬੂਤੀ ਨਾਲ ਮੁਕਾਬਲਾ ਕਰ ਰਹੀਆਂ ਹਨ। ਸੂਤਰਾਂ ਮੁਤਾਬਕ ਅਗੱਸਤ ਦੇ ਪਹਿਲੇ ਹਫ਼ਤੇ ਨੀਂਹ ਪੱਥਰ ਰੱਖਣ ਦਾ ਪ੍ਰੋਗਰਾਮ ਕੀਤਾ ਜਾ ਸਕਦਾ ਹੈ ਜਿਸ ਦੀ ਸ਼ਾਨਦਾਰ ਤਿਆਰੀ ਕੀਤੀ ਜਾ ਰਹੀ ਹੈ।
File Photo
ਕਿਹਾ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਖ਼ੁਦ ਨੀਂਹ ਪੱਥਰ ਰਖਣਗੇ ਹਾਲਾਂਕਿ ਪ੍ਰਧਾਨ ਮੰਤਰੀ ਦਫ਼ਤਰ ਨੇ ਅਜਿਹੀ ਕੋਈ ਪੁਸ਼ਟੀ ਨਹੀਂ ਕੀਤੀ। ਪ੍ਰਧਾਨ ਮੰਤਰੀ ਤੋਂ ਇਲਾਵਾ ਭਾਜਪਾ ਆਗੂ ਲਾਲ ਕ੍ਰਿਸ਼ਨ ਅਡਵਾਨੀ, ਰਾਮ ਮੰਦਰ ਅੰਦੋਲਨ ਨਾਲ ਜੁੜੇ ਆਗੂਆਂ ਅਤੇ ਹੋਰ ਉਘੀਆਂ ਸ਼ਖ਼ਸੀਅਤਾਂ ਨੂੰ ਵੀ ਸਮਾਗਮ ਵਿਚ ਬੁਲਾਇਆ ਜਾ ਸਕਦਾ ਹੈ।
ਕੁਮਾਰ ਨੇ ਕਿਹਾ ਕਿ ਕੋਰੋਨਾ ਹਾਲੇ ਕੁੱਝ ਸਮਾਂ ਰਹੇਗਾ ਪਰ ਦੇਸ਼ ਅਤੇ ਜੀਵਨ ਅਣਮਿੱਥੇ ਸਮੇਂ ਨਹੀਂ ਰੁਕ ਸਕਦਾ। ਸਾਵਧਾਨੀਆਂ ਨਾਲ ਜ਼ਿੰਦਗੀ ਪਟੜੀ ’ਤੇ ਲਿਆਉਣ ਦੇ ਯਤਨ ਹੋ ਰਹੇ ਹਨ। ਅਰਥਚਾਰਾ, ਉਦਯੋਗ ਅਤੇ ਸੇਵਾਵਾਂ ਨੂੰ ਪਟੜੀ ’ਤੇ ਲਿਆਉਣਾ ਜ਼ਰੂਰੀ ਹੈ ਅਤੇ ਇਸ ਦਿਸ਼ਾ ਵਿਚ ਕੰਮ ਹੋ ਰਿਹਾ ਹੈ। ਆਲੋਕ ਕੁਮਾਰ ਨੇ ਕਿਹਾ ਕਿ ਸਮਾਜਕ, ਧਾਰਮਕ ਅਤੇ ਅਧਿਆਤਮਕ ਗਤੀਵਿਧੀਆਂ ਵੀ ਚਲਣੀਆਂ ਚਾਹੀਦੀਆਂ ਹਨ। ਮੰਦਰ ਦਾ ਮੁੱਦਾ ਠੰਢੇ ਬਸਤੇ ਵਿਚ ਨਹੀਂ ਰਹਿ ਸਕਦਾ।
(ਏਜੰਸੀ)