
ਪਛਮੀ ਬੰਗਾਲ ’ਚ ਵੀ ਮਣੀਪੁਰ ਵਰਗੀਆਂ ਦੋ ਘਟਨਾਵਾਂ ਵਾਪਰੀਆਂ, ਪਰ ਪੁਲਿਸ ਨੇ ਵੀਡੀਉ ਨਹੀਂ ਬਣਨ ਦਿਤੇ : ਮਜ਼ੂਮਦਾਰ
ਨਵੀਂ ਦਿੱਲੀ: ਮਣੀਪੁਰ ’ਚ ਭੀੜ ਵਲੋਂ ਦੋ ਕਬਾਇਲੀ ਔਰਤਾਂ ਨੂੰ ਨੰਗਾ ਕਰ ਕੇ ਘੁਮਾਏ ਜਾਣ ਦੀ ਘਟਨਾ ਮਗਰੋਂ ਚੁਤਰਫ਼ਾ ਆਲੋਚਨਾ ਦਾ ਸਾਹਮਣਾ ਕਰ ਰਹੀ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਸ਼ੁਕਰਵਾਰ ਨੂੰ ਵਿਰੋਧੀ ਪਾਰਟੀਆਂ ਦੇ ਸ਼ਾਸਨ ਵਾਲੇ ਪਛਮੀ ਬੰਗਾਲ ਅਤੇ ਰਾਜਸਥਾਨ ’ਚ ਔਰਤਾਂ ਵਿਰੁਧ ਅਪਰਾਧਾਂ ਦਾ ਮੁੱਦਾ ਚੁਕਿਆ।
ਇਕ ਪਾਸੇ ਪਾਰਟੀ ਨੇ ਦਾਅਵਾ ਕੀਤਾ ਕਿ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਅਗਵਾਈ ਵਾਲੇ ਪਛਮੀ ਬੰਗਾਲ ਵਿਚ ਮਣੀਪੁਰ ਵਰਗੀਆਂ ਦੋ ਘਟਨਾਵਾਂ ਵਾਪਰੀਆਂ ਹਨ, ਉਥੇ ਹੀ ਕਾਂਗਰਸ ਸ਼ਾਸਤ ਰਾਜਸਥਾਨ ਵਿਚ ਹਰ ਰੋਜ਼ 17 ਤੋਂ 18 ਬਲਾਤਕਾਰ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਅਤੇ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਨਾਲ ਵਿਗੜ ਰਹੀ ਹੈ।
ਭਾਜਪਾ ਦੀ ਪਛਮੀ ਬੰਗਾਲ ਇਕਾਈ ਦੇ ਪ੍ਰਧਾਨ ਸੁਕਾਂਤਾ ਮਜੂਮਦਾਰ ਦੇ ਨਾਲ ਇੱਥੇ ਪਾਰਟੀ ਹੈੱਡਕੁਆਰਟਰ ’ਤੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦਾਅਵਾ ਕੀਤਾ ਕਿ ਪਛਮੀ ਬੰਗਾਲ ’ਚ ਦੋ ਔਰਤਾਂ ਨਾਲ ਅਜਿਹਾ ਹੀ ਦੁਰਵਿਵਹਾਰ ਹੋਇਆ ਹੈ। ਪਾਰਟੀ ਦੇ ਸੰਸਦ ਮੈਂਬਰ ਲਾਕੇਟ ਚੈਟਰਜੀ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਰੋ ਪਏ।
ਦੋਵਾਂ ਆਗੂਆਂ ਨੇ ਮਣੀਪੁਰ ’ਚ ਵਾਪਰੀ ਘਟਨਾ ਦੀ ਸਖ਼ਤ ਨਿਖੇਧੀ ਕਰਦਿਆਂ ਦਾਅਵਾ ਕੀਤਾ ਕਿ ਉਨ੍ਹਾਂ ਦੇ ਸੂਬੇ ’ਚ ਵੀ ਦੋ ਔਰਤਾਂ ਨਾਲ ਇਸੇ ਤਰ੍ਹਾਂ ਦੇ ਦੁਰਵਿਵਹਾਰ ਦਾ ਸ਼ਿਕਾਰ ਹੋਇਆ।
ਮਜ਼ੂਮਦਾਰ ਨੇ ਕਿਹਾ, ‘‘ਦੋਹਾਂ ਘਟਨਾਵਾਂ ’ਚ ਫਰਕ ਸਿਰਫ ਇਹ ਹੈ ਕਿ ਪਛਮੀ ਬੰਗਾਲ ਦੀ ਘਟਨਾ ਦਾ ਕੋਈ ਵੀਡੀਓ ਨਹੀਂ ਹੈ ਕਿਉਂਕਿ ਮਮਤਾ ਬੈਨਰਜੀ (ਮੁੱਖ ਮੰਤਰੀ ਦੀ) ਦੀ ਪੁਲਿਸ ਅਤੇ ਗੁੰਡੇ ਕਿਸੇ ਨੂੰ ਵੀ ਵੀਡੀਓ ਨਹੀਂ ਬਣਾਉਣ ਦਿੰਦੇ।’’
ਮਜੂਮਦਾਰ ਨੇ ਦਾਅਵਾ ਕੀਤਾ ਕਿ ਇਕ ਹੀ ਦਿਨ ਅਲੀਪੁਰਦੁਆਰ (ਉੱਤਰੀ ਬੰਗਾਲ) ਅਤੇ ਬੀਰਭੂਮ (ਦਖਣੀ ਬੰਗਾਲ) ਦੇ ਪਿੰਡ ’ਚ ਦੋ ਔਰਤਾਂ ਨੂੰ ਨੰਗਾ ਕਰ ਦਿਤਾ ਗਿਆ ਸੀ ਅਤੇ ਪਰੇਡ ਕੀਤੀ ਗਈ। ਉਸ ਨੇ ਦੋਸ਼ ਲਾਇਆ, ‘‘ਪਿੰਡ ’ਚ ਇਕ ਔਰਤ ਦੀ ਗਧੇ ’ਤੇ ਨਗਨ ਰੂਪ ’ਚ ਪਰੇਡ ਕੀਤੀ ਗਈ।’’
ਮਜੂਮਦਾਰ ਨੇ ਅੱਗੇ ਕਿਹਾ, ‘‘ਕਾਰਨ ਜੋ ਵੀ ਹੋ ਸਕਦਾ ਹੈ, ਇਸ ’ਚ ਕੋਈ ਸਿਆਸੀ ਕਾਰਨ ਨਹੀਂ ਹੈ, ਇਕ ਵਖਰਾ ਕਾਰਨ ਹੈ। ਇਹ ਵਖਰੀ ਗੱਲ ਹੈ। ਪਰ ਪਛਮੀ ਬੰਗਾਲ ’ਚ ਜਿਸ ਤਰ੍ਹਾਂ ਔਰਤਾਂ ਦੀ ਇੱਜ਼ਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ, ਉਹ ਚਿੰਤਾਜਨਕ ਹੈ।’’ ਚੈਟਰਜੀ ਨੇ ਇਸ ਮੌਕੇ ਦਾਅਵਾ ਕੀਤਾ ਕਿ ਅੱਜ ਬੰਗਾਲ ਦੀ ਹਾਲਤ ਵੀ ਮਣੀਪੁਰ ਵਰਗੀ ਹੈ।
ਇਸ ਤੋਂ ਥੋੜ੍ਹੀ ਦੇਰ ਬਾਅਦ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਅਤੇ ਭਾਜਪਾ ਦੇ ਜਨਰਲ ਸਕੱਤਰ ਅਤੇ ਰਾਜਸਥਾਨ ਦੇ ਇੰਚਾਰਜ ਅਰੁਣ ਸਿੰਘ ਨੇ ਭਾਜਪਾ ਹੈੱਡਕੁਆਰਟਰ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਰਾਜਸਥਾਨ ’ਚ ਔਰਤਾਂ ਵਿਰੁਧ ਹੋ ਰਹੇ ਅਪਰਾਧਾਂ ਦੇ ਮੁੱਦੇ ਉਠਾਏ।
ਸਿੰਘ ਨੇ ਕਿਹਾ, ‘‘ਰਾਜਸਥਾਨ ’ਚ ਕਾਨੂੰਨ ਵਿਵਸਥਾ ਢਹਿ ਗਈ ਹੈ ਅਤੇ ਪੂਰੇ ਸੂਬੇ ’ਚ ਜੰਗਲ ਰਾਜ ਹੈ। ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਘਟਨਾਵਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਅਸੀਂ ਕਰੌਲੀ ਵਿਚ ਅਜਿਹਾ ਹੀ ਵੇਖਿਆ ਜਦੋਂ ਇਕ ਦਲਿਤ ਲੜਕੀ ਨੂੰ ਅਗਵਾ ਕੀਤਾ ਗਿਆ, ਬਲਾਤਕਾਰ ਕੀਤਾ ਗਿਆ ਅਤੇ ਕਤਲ ਕਰ ਦਿਤਾ ਗਿਆ।’’
ਮੀਡੀਆ ਰਿਪੋਰਟਾਂ ਦਾ ਹਵਾਲਾ ਦਿੰਦੇ ਹੋਏ ਕੇਂਦਰੀ ਮੰਤਰੀ ਨੇ ਕਿਹਾ, ‘‘ਰਾਜਸਥਾਨ ’ਚ ਹਰ ਰੋਜ਼ 17 ਤੋਂ 18 ਬਲਾਤਕਾਰ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਅਤੇ ਹਰ ਰੋਜ਼ ਪੰਜ ਤੋਂ ਸੱਤ ਕਤਲ ਦੇ ਮਾਮਲੇ ਦਰਜ ਹੁੰਦੇ ਹਨ।’’
ਰਾਜਸਥਾਨ ਵਿੱਚ ਇਸ ਸਾਲ ਦੇ ਅੰਤ ਤਕ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਸ ਦੇ ਮੱਦੇਨਜ਼ਰ ਭਾਜਪਾ ਅਪਰਾਧ ਖਾਸ ਕਰ ਕੇ ਔਰਤਾਂ ਵਿਰੁਧ ਅਪਰਾਧ ਨੂੰ ਮੁੱਦਾ ਬਣਾ ਕੇ ਗਹਿਲੋਤ ਦੀ ਅਗਵਾਈ ਵਾਲੀ ਸਰਕਾਰ ਨੂੰ ਕਟਹਿਰੇ ’ਚ ਖੜਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।