
ਏਅਰ ਇੰਡੀਆ ਦੇ ਸਾਬਕਾ ਸੰਚਾਲਨ ਨਿਰਦੇਸ਼ਕ ਕੈਪਟਨ ਆਰ.ਐਸ.ਸੰਧੂ ਨੂੰ ਡੋਮੇਨ ਮਾਹਰ ਨਿਯੁਕਤ ਕੀਤਾ ਹੈ।
ਮੁੰਬਈ: ਏਅਰਕਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ (ਏ.ਏ.ਆਈ.ਬੀ.) ਨੇ ਅਹਿਮਦਾਬਾਦ ਜਹਾਜ਼ ਹਾਦਸੇ ਦੀ ਚੱਲ ਰਹੀ ਜਾਂਚ ’ਚ ਸੀਨੀਅਰ ਪਾਇਲਟ ਅਤੇ ਏਅਰ ਇੰਡੀਆ ਦੇ ਸਾਬਕਾ ਸੰਚਾਲਨ ਨਿਰਦੇਸ਼ਕ ਕੈਪਟਨ ਆਰ.ਐਸ.ਸੰਧੂ ਨੂੰ ਡੋਮੇਨ ਮਾਹਰ ਨਿਯੁਕਤ ਕੀਤਾ ਹੈ।
ਜ਼ਿਕਰਯੋਗ ਹੈ ਕਿ 12 ਜੂਨ ਨੂੰ ਅਹਿਮਦਾਬਾਦ ਤੋਂ ਲੰਡਨ ਗੈਟਵਿਕ ਜਾ ਰਿਹਾ ਏਅਰ ਇੰਡੀਆ ਦਾ ਬੋਇੰਗ 787-8 ਜਹਾਜ਼ ਉਡਾਣ ਭਰਨ ਦੇ ਤੁਰਤ ਬਾਅਦ ਇਕ ਇਮਾਰਤ ਨਾਲ ਟਕਰਾ ਗਿਆ ਸੀ, ਜਿਸ ਵਿਚ 260 ਲੋਕਾਂ ਦੀ ਮੌਤ ਹੋ ਗਈ ਸੀ। ਜਹਾਜ਼ ਵਿਚ ਸਵਾਰ 242 ਲੋਕਾਂ ਵਿਚੋਂ ਇਕ ਹੀ ਮੁਸਾਫ਼ਰ ਬਚ ਸਕਿਆ ਸੀ। ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ (ਏ.ਏ.ਆਈ.ਬੀ.) ਨੇ 12 ਜੁਲਾਈ ਨੂੰ ਇਸ ਘਾਤਕ ਹਾਦਸੇ ਦੀ ਮੁੱਢਲੀ ਰੀਪੋਰਟ ਜਾਰੀ ਕੀਤੀ ਸੀ।
ਇਕ ਸੂਤਰ ਨੇ ਦਸਿਆ ਕਿ ਏ.ਏ.ਆਈ.ਬੀ. ਨੇ ਪਿਛਲੇ ਮਹੀਨੇ ਅਹਿਮਦਾਬਾਦ ਵਿਚ ਏਅਰ ਇੰਡੀਆ ਦੇ ਬੋਇੰਗ 787-8 ਜਹਾਜ਼ ਹਾਦਸੇ ਦੀ ਚੱਲ ਰਹੀ ਜਾਂਚ ਵਿਚ ਤਜਰਬੇਕਾਰ ਐਵੀਏਟਰ ਆਰ.ਐਸ. ਸੰਧੂ ਨੂੰ ਸ਼ਾਮਲ ਕੀਤਾ ਹੈ। ਸੂਤਰਾਂ ਨੇ ਦਸਿਆ ਕਿ ਏ.ਏ.ਆਈ.ਬੀ. ਨੇ ਸੰਧੂ ਨੂੰ ਚੱਲ ਰਹੀ ਜਾਂਚ ਵਿਚ ਡੋਮੇਨ ਮਾਹਰ ਬਣਨ ਲਈ ਸੰਪਰਕ ਕੀਤਾ ਸੀ ਅਤੇ ਉਹ ਇਸ ਪ੍ਰਸਤਾਵ ਨਾਲ ਸਹਿਮਤ ਹੋ ਗਏ ਸਨ।
ਸੰਧੂ ਲਗਭਗ 39 ਸਾਲਾਂ ਤੋਂ ਏਅਰ ਇੰਡੀਆ ਨਾਲ ਵੱਖ-ਵੱਖ ਸਮਰੱਥਾਵਾਂ ਉਤੇ ਕੰਮ ਕਰ ਰਹੇ ਹਨ ਅਤੇ ਹਵਾਬਾਜ਼ੀ ਸਲਾਹਕਾਰ ਫਰਮ ਏਵੀਆਜ਼ੀਓਨ ਦੇ ਸੰਸਥਾਪਕ ਹਨ। ਉਸ ਨੇ ਇਕ ਟੀਮ ਦੀ ਅਗਵਾਈ ਵੀ ਕੀਤੀ ਸੀ ਜਿਸ ਨੇ ਟਾਟਾ ਸਮੂਹ ਦੀਆਂ ਏਅਰਲਾਈਨਾਂ ਦੇ ਏਕੀਕਰਨ ਉਤੇ ਕੰਮ ਕੀਤਾ ਸੀ। 56 ਸਾਲ ਦੇ ਸੰਜੇ ਕੁਮਾਰ ਸਿੰਘ ਦੀ ਅਗਵਾਈ ਵਾਲੀ ਪੰਜ ਮੈਂਬਰੀ ਟੀਮ ਏਅਰ ਇੰਡੀਆ ਦੇ ਜਹਾਜ਼ ਦੇ ਹਾਦਸੇ ਦੀ ਜਾਂਚ ਕਰ ਰਹੀ ਹੈ। (ਪੀਟੀਆਈ)