
ਸੈਸ਼ਨ ਕੋਰਟ ’ਚ ਮੁੜ ਵਿਚਾਰ ਪਟੀਸ਼ਨ ਦਾਇਰ ਕੀਤੀ ਗਈ ਸੀ
ਵਾਰਾਣਸੀ : ਉੱਤਰ ਪ੍ਰਦੇਸ਼ ਦੇ ਵਾਰਾਣਸੀ ਦੀ ਇਕ ਐਮ.ਪੀ.-ਐਮ.ਐਲ.ਏ. ਅਦਾਲਤ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਵਿਰੁਧ ਦਾਇਰ ਪਟੀਸ਼ਨ ਉਤੇ ਸੁਣਵਾਈ ਲਈ ਮਨਜ਼ੂਰ ਕਰ ਲਿਆ ਹੈ।
ਐਡਵੋਕੇਟ ਵਿਵੇਕ ਸ਼ੰਕਰ ਤਿਵਾੜੀ ਨੇ ਕਿਹਾ ਕਿ ਸਤੰਬਰ 2024 ’ਚ ਅਪਣੀ ਅਮਰੀਕਾ ਯਾਤਰਾ ਦੌਰਾਨ ਸਿੱਖਾਂ ਬਾਰੇ ਰਾਹੁਲ ਗਾਂਧੀ ਵਲੋਂ ਦਿਤੇ ਗਏ ਕਥਿਤ ਇਤਰਾਜ਼ਯੋਗ ਬਿਆਨ ਨੂੰ ਲੈ ਕੇ ਅਦਾਲਤ ’ਚ ਪਟੀਸ਼ਨ ਦਾਇਰ ਕੀਤੀ ਗਈ ਸੀ। ਪਿਛਲੇ ਸਾਲ 28 ਨਵੰਬਰ ਨੂੰ ਸੁਣਵਾਈ ਤੋਂ ਬਾਅਦ ਵਧੀਕ ਮੁੱਖ ਨਿਆਂਇਕ ਮੈਜਿਸਟਰੇਟ (ਵਿਸ਼ੇਸ਼ ਐਮ.ਪੀ.-ਐਮ.ਐਲ.ਏ. ਅਦਾਲਤ) ਨੇ ਇਸ ਨੂੰ ਖਾਰਜ ਕਰ ਦਿਤਾ ਸੀ।
ਤਿਵਾੜੀ ਨੇ ਕਿਹਾ ਕਿ ਸੈਸ਼ਨ ਕੋਰਟ ’ਚ ਮੁੜ ਵਿਚਾਰ ਪਟੀਸ਼ਨ ਦਾਇਰ ਕੀਤੀ ਗਈ ਸੀ ਅਤੇ ਵਾਰਾਣਸੀ ਦੇ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਯਜੁਵੇਂਦਰ ਵਿਕਰਮ ਸਿੰਘ ਨੇ ਸੋਮਵਾਰ ਨੂੰ ਸੁਣਵਾਈ ਲਈ ਪਟੀਸ਼ਨ ਮਨਜ਼ੂਰ ਕਰ ਲਈ।
ਪਟੀਸ਼ਨ ’ਚ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਉਤੇ ਅਮਰੀਕਾ ’ਚ ਦਿਤੇ ਭੜਕਾਊ ਬਿਆਨ ਨਾਲ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਗਾਇਆ ਗਿਆ ਹੈ। ਪਟੀਸ਼ਨ ਵਿਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਖਾਲਿਸਤਾਨੀ ਅਤਿਵਾਦੀ ਗੁਰਵੰਤ ਸਿੰਘ ਪੰਨੂੰ ਨੇ ਗਾਂਧੀ ਦੇ ਬਿਆਨ ਦਾ ਸਮਰਥਨ ਕੀਤਾ ਸੀ।