
ਫ਼ੇਸਬੁਕ ਵਿਵਾਦ : ਭਾਜਪਾ ਆਗੂ ਨੇ ਥਰੂਰ ਵਿਰਧੁ ਲੋਕ ਸਭਾ ਸਪੀਕਰ ਨੂੰ ਚਿੱਠੀ ਲਿਖੀ
ਨਵੀਂ ਦਿੱਲੀ, 20 ਅਗੱਸਤ : ਭਾਜਪਾ ਸੰਸਦ ਮੈਂਬਰ ਨਿਸ਼ੀਕਾਂਤ ਦੁਬੇ ਮਗਰੋਂ ਹੁਣ ਪਾਰਟੀ ਦੇ ਇਕ ਹੋਰ ਸੰਸਦ ਮੈਂਬਰ ਰਾਜਵਰਧਨ ਰਾਠੌਰ ਨੇ ਕਾਂਗਰਸ ਸੰਸਦ ਮੈਂਬਰ ਸ਼ਸ਼ੀ ਥਰੂਰ ਵਿਰੁਧ ਲੋਕ ਸਭਾ ਸਪੀਕਰ ਓਮ ਬਿੜਲਾ ਨੂੰ ਪੱਤਰ ਲਿਖਿਆ ਹੈ ਅਤੇ ਇਤਰਾਜ਼ ਪ੍ਰਗਟ ਕੀਤਾ ਹੈ ਕਿ ਸੰਸਦੀ ਕਮੇਟੀ ਦੇ ਮੈਂਬਰਾਂ ਨਾਲ ਚਰਚਾ ਕੀਤੇ ਬਿਨਾਂ ਉਨ੍ਹਾਂ ਫ਼ੇਸਬੁਕ ਦੇ ਅਧਿਕਾਰੀਆਂ ਨੂੰ ਇਸ ਦੀ ਬੈਠਕ ਵਿਚ ਬੁਲਾਏ ਜਾਣ ਦਾ ਅਪਣਾ ਇਰਾਦਾ ਜਨਤਕ ਕੀਤਾ। ਥਰੂਰ ਸੂਚਨਾ ਤਕਨੀਕ ਸਬੰਧੀ ਸੰਸਦੀ ਕਮੇਟੀ ਦੇ ਮੁਖੀ ਹਨ।
ਫ਼ੇਸਬੁਕ ਬਾਰੇ ਜਾਰੀ ਤਾਜ਼ਾ ਵਿਵਾਦ ਸਬੰਧੀ ਉਨ੍ਹਾਂ ਐਤਵਾਰ ਨੂੰ ਕਿਹਾ ਸੀ ਕਿ ਸੂਚਨਾ ਤਕਨੀਕ ਮਾਮਲੇ ਦੀ ਸਥਾਈ ਕਮੇਟੀ ਇਸ ਸੋਸ਼ਲ ਮੀਡੀਆ ਕੰਪਨੀ ਕੋਲੋਂ ਇਸ ਵਿਸ਼ੇ 'ਤੇ ਜਵਾਬ ਮੰਗੇਗੀ। ਰਾਠੌਰ ਨੇ ਪੱਤਰਕਾਰਾਂ ਨੂੰ ਕਿਹਾ, 'ਕਿਸੇ ਨੂੰ ਬੁਲਾਇਆ ਜਾਣਾ ਹੈ ਅਤੇ ਬੈਠਕ ਦੀ ਵਿਸ਼ਾ-ਵਸਤੂ ਕੀ ਹੋਵੇਗੀ, ਇਸ ਬਾਰੇ ਬਿਆਨ ਦੇਣਾ ਮਾੜੀ ਗੱਲ ਹੈ ਅਤੇ ਲੋਕ ਸਭਾ ਦੀ ਕਵਾਇਦ ਦੀ ਉਲੰਘਣਾ ਹੈ। ਸੂਚਨਾ ਤਕਨੀਕ ਸਬੰਧੀ ਸੰਸਦੀ ਕਮੇਟੀ ਦੇ ਮੁਖੀ ਦਾ ਮੀਡੀਆ ਵਿਚ ਪਹਿਲਾਂ ਬੋਲਣਾ ਕਮੇਟੀ ਦੇ ਮੈਂਬਰਾਂ ਤੋਂ ਇਲਾਵਾ ਕਮੇਟੀ ਦੀ ਕਾਰਜਪ੍ਰਣਾਲੀ ਨੂੰ ਵੀ ਕਮਜ਼ੋਰ ਕਰਦਾ ਹੈ।' ਰਾਠੌਰ ਵੀ ਕਮੇਟੀ ਦੇ ਮੈਂਬਰ ਹਨ। ਸਾਬਕਾ ਕੇਂਦਰੀ ਮੰਤਰੀ ਰਾਠੌਰ ਨੇ ਕਿਹਾ ਕਿ ਕਮੇਟੀ ਦੇ ਮੈਂਬਰਾਂ ਲਈ ਇਹ ਮੁੱਦਾ ਨਹੀਂ ਕਿ ਕਮੇਟੀ ਕਿਸ ਨੂੰ ਬੁਲਾਉਂਦੀ ਹੈ। ਦੇਸ਼ ਦੇ ਨਾਗਰਿਕਾਂ ਦੇ ਅਧਿਕਾਰਾਂ ਦੀ ਰਾਖੀ ਲਈ ਕਮੇਟੀ ਚਾਹੇ ਤਾਂ ਜਿਸ ਨੂੰ ਵੀ ਬੁਲਾਏ ਪਰ ਇਸ ਤੋਂ ਪਹਿਲਾਂ ਇਸ ਬਾਰੇ ਕਮੇਟੀ ਵਿਚ ਚਰਚਾ ਹੋਣੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਫ਼ੇਸਬੁਕ ਨਾਲ ਜੁੜਿਆ ਵਿਵਾਦ ਅਮਰੀਕੀ ਅਖ਼ਬਾਰ ਦੀ ਰੀਪੋਰਟ ਮਗਰੋਂ ਸ਼ੁਰੂ ਹੋਇਆ। ਰੀਪੋਰਟ ਵਿਚ ਕਿਹਾ ਗਿਆ ਹੈ ਕਿ ਫ਼ੇਸਬੁਕ ਦੇ ਸੀਨੀਅਰ ਭਾਰਤੀ ਅਧਿਕਾਰੀ ਨੇ ਫ਼ਿਰਕੂ ਦੋਸ਼ਾਂ ਵਾਲੀ ਪੋਸਟ ਪਾਉਣ ਦੇ ਮਾਮਲੇ ਵਿਚ ਤੇਲੰਗਾਨਾ ਦੇ ਭਾਜਪਾ ਵਿਧਾਇਕ 'ਤੇ ਸਥਾਈ ਪਾਬੰਦੀ ਰੋਕਣ ਸਬੰਧੀ ਅੰਦਰੂਨੀ ਪੱਤਰ ਵਿਚ ਦਖ਼ਲ ਦਿਤਾ ਸੀ।
ਇਸ ਤੋਂ ਬਾਅਦ ਥਰੂਰ ਨੇ ਕਿਹਾ ਸੀ ਕਿ ਕਮੇਟੀ ਫ਼ੇਸਬੁਕ ਕੋਲੋਂ ਜਵਾਬ ਮੰਗੇਗੀ। (ਏਜੰਸੀ)