ਮੱਕੀ ਦੀ ਰੋਟੀ ਅਤੇ ਸਰ੍ਹੋਂ ਦਾ ਸਾਗ ਬੜੇ ਚਾਅ ਨਾਲ ਖਾਂਦੀ ਹੈ ਕਿਮ ਬੋਹ ਨੀ
ਸ਼ਾਹਜਹਾਂਪੁਰ (ਉੱਤਰ ਪ੍ਰਦੇਸ਼): ਪਾਕਿਸਤਾਨ ਤੋਂ ਭਾਰਤ ਆਈ ਸੀਮਾ ਹੈਦਰ ਅਤੇ ਹਿੰਦੁਸਤਾਨ ਤੋਂ ਪਾਕਿਸਤਾਨ ਗਈ ਅੰਜੂ ਦੀਆਂ ਚਰਚਾਵਾਂ ਵਿਚਕਾਰ ਮੁਹੱਬਤ ਦੀ ਡੋਰ ਨਾਲ ਬੰਨ੍ਹੀ ਇਕ ਦਖਣੀ ਕੋਰੀਆਈ ਮੁਟਿਆਰ ਨੇ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਪਹੁੰਚ ਕੇ ਅਪਣੇ ਪ੍ਰੇਮੀ ਨਾਲ ਵਿਆਹ ਰਚਾਇਆ ਹੈ। ਹਾਲਾਂਕਿ ਦਖਣੀ ਕੋਰੀਆ ਦੇ ਦੇਗੂ ਵਾਸੀ 30 ਸਾਲਾਂ ਦੀ ਕਿਮ ਬੋਹ ਨੀ ਦੀ ਕਹਾਣੀ ਸੀਮਾ ਹੈਦਰ ਅਤੇ ਅੰਜੂ ਤੋਂ ਬਿਲਕੁਲ ਵੱਖ ਹੈ। ਕਿਮ ਅਤੇ ਸ਼ਾਹਜਹਾਂਪੁਰ ਦੇ ਪੁਵਾਇਆਂ ਇਲਾਕੇ ਸਥਿਤ ਉਧਨਾ ਪਿੰਡ ਦੇ ਰਹਿਣ ਵਾਲੇ ਸੁਖਜੀਤ ਸਿੰਘ ਛੇ ਸਾਲ ਪਹਿਲਾਂ ਇਕ-ਦੂਜੇ ਨਾਲ ਸੰਪਰਕ ’ਚ ਆਏ ਸਨ। ਬੀਤੀ 18 ਅਗੱਸਤ ਨੂੰ ਕਿਮ ਅਤੇ ਸੁਖਜੀਤ ਨੇ ਗੁਰਦੁਆਰੇ ’ਚ ਵਿਆਹ ਕਰਵਾ ਲਿਆ। ਇਸ ਵਿਆਹ ’ਚ ਲਾੜਾ-ਲਾੜੀ ਦੋਵੇਂ ਹੀ ਧਿਰਾਂ ਦੇ ਪ੍ਰਵਾਰਾਂ ਦੀ ਰਜ਼ਾਮੰਦੀ ਸ਼ਾਮਲ ਰਹੀ।
ਕਿਮ ਨੇ ਕਿਹਾ ਕਿ ਉਹ ਭਾਰਤ ਆ ਕੇ ਕਾਫ਼ੀ ਖ਼ੁਸ਼ ਹੈ ਅਤੇ ਉਸ ਨੂੰ ਅਪਣੇ ਸਹੁਰਾ ਘਰ ਦੇ ਲੋਕਾਂ ਤੋਂ ਭਰਪੂਰ ਪਿਆਰ ਮਿਲ ਰਿਹਾ ਹੈ। ਕਿਮ ਨੇ ਕਿਹਾ ਕਿ ਭਾਸ਼ਾ ਨੂੰ ਲੈ ਕੇ ਸਮੱਸਿਆ ਹੁੰਦੀ ਹੈ ਪਰ ਦਿਲ ਦੀ ਆਵਾਜ਼ ਕਿਸੇ ਭਾਸ਼ਾ ਦੀ ਮੁਥਾਜ ਨਹੀਂ ਹੁੰਦੀ। ਇਸ ਗੱਲਬਾਤ ਦੌਰਾਨ ਕਿਮ ਦੇ ਪਤੀ ਸੁਖਜੀਤ ਸਿੰਘ ਵੀ ਨਾਲ ਰਹੇ, ਜਿਸ ਨੇ ਦੁਭਾਸ਼ੀਏ ਦੀ ਭੂਮਿਕਾ ਨਿਭਾਈ ਅਤੇ ਕਿਮ ਦੀ ਦਖਣੀ ਕੋਰੀਆਈ ਭਾਸ਼ਾ ਨੂੰ ਅਨੁਵਾਦ ਕਰ ਕੇ ਸਮਝਾਉਣ ’ਚ ਮਦਦ ਕੀਤੀ।
ਕਿਮ ਨੇ ਕਿਹਾ ਕਿ ਉਹ ਭਾਰਤ ਦੇ ਸਭਿਆਚਾਰ ਅਤੇ ਅਮੀਰ ਰੀਤ-ਰਿਵਾਜਾਂ ਤੋਂ ਕਾਫ਼ੀ ਪ੍ਰਭਾਵਤ ਹੈ ਅਤੇ ਉਹ ਖ਼ੁਦ ’ਚ ਉਨ੍ਹਾਂ ਨੂੰ ਰਚਾਉਣ-ਵਸਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ। ਉਸ ਦੇ ਮਨ ’ਚ ਭਾਰਤ ਆਉਣ ਤੋਂ ਪਹਿਲਾਂ ਕਈ ਸ਼ੰਕੇ ਸਨ ਪਰ ਭਾਰਤ ਆ ਕੇ ਉਸ ਨੇ ਮਹਿਸੂਸ ਕੀਤਾ ਕਿ ਇੱਥੇ ਦੇ ਲੋਕ ਬਹੁਤ ਚੰਗੇ ਹਨ। ਉਸ ਨੇ ਕਿਹਾ ਕਿ ਉਹ ਭਾਰਤ ਨੂੰ ਨੇੜੇ ਤੋਂ ਵੇਖਣਾ ਚਾਹੁੰਦੀ ਹੈ। ਖ਼ਾਸ ਤੌਰ ’ਤੇ ਤਾਜ ਮਹਿਲ ਅਤੇ ਨੈਨੀਤਾਲ ਦੀਆਂ ਵਾਦੀਆਂ ਦਾ ਦੀਦਾਰ ਕਰਨਾ ਉਸ ਦੀ ਦਿਲੀ ਇੱਛਾ ਹੈ। ਕਿਮ ਨੇ ਦਸਿਆ ਕਿ ਉਸ ਨੂੰ ਭਾਰਤੀ ਪਕਵਾਨ ਅਤੇ ਪਹਿਰਾਵਾ ਬਹੁਤ ਪਸੰਦ ਹੈ। ਖ਼ਾਸ ਕਰ ਕੇ ਮੱਕੀ ਦੀ ਰੋਟੀ ਅਤੇ ਸਰ੍ਹੋਂ ਦਾ ਸਾਗ ਉਹ ਬੜੇ ਚਾਅ ਨਾਲ ਖਾਂਦੀ ਹੈ।
ਕਿਮ ਦੇ ਪਤੀ ਸੁਖਜੀਤ ਨੇ ਦਸਿਆ ਕਿ ਉਹ 2016 ’ਚ ਦਖਣੀ ਕੋਰੀਆ ਘੁੰਮਣ ਗਿਆ ਸੀ। ਉਸ ਨੂੰ ਉੱਥੇ ਕਾਫ਼ੀ ਚੰਗਾ ਲਗਿਆ ਤਾਂ ਉਸ ਨੇ ਉਥੇ ਹੀ ਰੁਕਣ ਦਾ ਇਰਾਦਾ ਬਣਾ ਲਿਆ ਅਤੇ ਕਮਾਈ ਲਈ ਇਕ ਸਾਇਬਰ ਕੈਫ਼ੇ ’ਚ ਨੌਕਰੀ ਕਰ ਲਈ। ਕਿਮ ਵੀ ਉਸੇ ਸਾਇਬਰ ਕੈਫ਼ੇ ’ਚ ਕੰਮ ਕਰਦੀ ਸੀ। ਸਾਲ 2017 ’ਚ ਦੋਹਾਂ ਵਿਚਕਾਰ ਦੋਸਤੀ ਹੋ ਗਈ ਜੋ ਮਗਰੋਂ ਪਿਆਰ ’ਚ ਬਦਲ ਗਈ। ਲਗਭਗ ਛੇ ਸਾਲ ਚੱਲੇ ਰਿਸ਼ਤੇ ਤੋਂ ਬਾਅਦ ਦੋਹਾਂ ਨੇ ਵਿਆਹ ਕਰਵਾਉਣ ਦਾ ਫੈਸਲਾ ਕੀਤਾ।
ਸੁਖਜੀਤ ਨੇ ਦਸਿਆ ਕਿ ਜਦੋਂ ਉਸ ਨੇ ਅਪਣੇ ਪ੍ਰਵਾਰ ਦੇ ਲੋਕਾਂ ਨੂੰ ਦਖਣੀ ਕੋਰੀਆਈ ਮੁਟਿਆਰ ਨਾਲ ਵਿਆਹ ਕਰਵਾਉਣ ਦੀ ਇੱਛਾ ਬਾਰੇ ਦਸਿਆ ਤਾਂ ਸ਼ੁਰੂ ’ਚ ਤਾਂ ਉਨ੍ਹਾਂ ਨੇ ਕੁਝ ਝਿਜਕ ਮਹਿਸੂਸ ਕੀਤੀ, ਪਰ ਬਾਅਦ ’ਚ ਉਹ ਮੰਨ ਗਏ। ਬੀਤੀ 18 ਅਗੱਸਤ ਨੂੰ ਦੋਹਾਂ ਪ੍ਰਵਾਰਾਂ ਦੀ ਰਜ਼ਾਮੰਦੀ ਨਾਲ ਪੁਆਵਾਂ ਦੇ ਗੁਰਦੁਆਰੇ ’ਚ ਦੋਹਾਂ ਨੇ ਪੂਰੇ ਰੀਤੀ-ਰਿਵਾਜਾਂ ਨਾਲ ਵਿਆਹ ਕਰ ਲਿਆ।
ਉਨ੍ਹਾਂ ਕਿਹਾ ਕਿ ਕਿਮ ਨੂੰ ਭਾਰਤ ਨੇ ਪੰਜ ਸਾਲਾਂ ਦਾ ਵੀਜ਼ਾ ਦਿਤਾ ਹੈ। ਉਹ ਤਿੰਨ ਮਹੀਨਿਆਂ ਲਈ ਇੱਥੇ ਆਈ ਹੈ। ਉਹ ਲਗਭਗ ਦੋ ਮਹੀਨੇ ਪਹਿਲਾਂ ਉਧਨਾ ਪਿੰਡ ਆਈ ਸੀ। ਅਜੇ ਉਹ ਇਕ ਮਹੀਨੇ ਹੋਰ ਇਥੇ ਹੀ ਰਹਿ ਕੇ ਦਖਣੀ ਕੋਰੀਆ ਵਾਪਸ ਪਰਤੇਗੀ। ਉਸ ਤੋਂ ਬਾਅਦ ਉਹ ਫਿਰ ਭਾਰਤ ਆਵੇਗੀ ਅਤੇ ਸੁਖਜੀਤ ਨਾਲ ਕੋਰੀਆ ਚਲੀ ਜਾਵੇਗੀ।