
ਹੁਣ ਤਕ 60 ਐਫ.ਆਈ.ਆਰ. ਦਰਜ ਕੀਤੀਆਂ ਅਤੇ 264 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ
ਗੁਰੂਗ੍ਰਾਮ/ਨੂਹ: ਹਰਿਆਣਾ ਦੇ ਨੂਹ ’ਚ 31 ਜੁਲਾਈ ਨੂੰ ਹੋਈ ਫਿਰਕੂ ਹਿੰਸਾ ’ਚ ਲੋੜੀਂਦੇ ਪੰਜ ਮੁਲਜ਼ਮਾਂ ਨੂੰ ਸਿੰਗਰ ਪਿੰਡ ਦੇ ਵਾਸੀਆਂ ਨੇ ਪੁਲੀਸ ਹਵਾਲੇ ਕਰ ਦਿਤਾ ਹੈ। ਪੁਲੀਸ ਅਤੇ ਪ੍ਰਸ਼ਾਸਨ ਨੂੰ ਮੁਲਜ਼ਮਾਂ ਬਾਰੇ ਵਾਰ-ਵਾਰ ਅਪੀਲਾਂ ਕੀਤੀਆਂ ਜਾ ਰਹੀਆਂ ਸਨ। ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿਤੀ।
ਪੁਲਿਸ ਦੇ ਬੁਲਾਰੇ ਨੇ ਦਸਿਆ ਕਿ ਗ੍ਰਿਫਤਾਰੀ ਤੋਂ ਬਾਅਦ ਸਾਰੇ ਪੰਜਾਂ ਦੋਸ਼ੀਆਂ ਤੋਂ ਪੁੱਛ-ਪੜਤਾਲ ਕੀਤੀ ਗਈ ਹੈ। ਪੁਲਿਸ ਅਨੁਸਾਰ ਬ੍ਰਜ ਮੰਡਲ ਹਿੰਸਾ ਮਾਮਲੇ ’ਚ ਹੁਣ ਤਕ 60 ਐਫ.ਆਈ.ਆਰ. ਦਰਜ ਕੀਤੀਆਂ ਗਈਆਂ ਹਨ ਅਤੇ 264 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸੋਸ਼ਲ ਮੀਡੀਆ ’ਤੇ ਅਫਵਾਹਾਂ ਫੈਲਾਉਣ ਦੇ ਦੋਸ਼ ’ਚ 11 ਲੋਕਾਂ ’ਤੇ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਇਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਬੁਲਾਰੇ ਨੇ ਦਸਿਆ, ‘‘ਸਾਬਕਾ ਸਰਪੰਚ ਹਨੀਫ, ਅਲਤਾਫ, ਇਬਰਾਹਿਮ ਚੌਧਰੀ, ਤਇਅਬ, ਸਾਬਕਾ ਚੇਅਰਮੈਨ ਸਾਕਿਤ ਅਤੇ ਸਿੰਗਰ ਦੇ ਹੋਰ ਪਿੰਡ ਵਾਸੀ ਐਤਵਾਰ ਨੂੰ ਬਿਛੂਰ ਥਾਣੇ ਪਹੁੰਚੇ ਅਤੇ ਪੰਜ ਦੋਸ਼ੀਆਂ ਜ਼ੁਬੇਰ, ਸਲਮਾਨ, ਅੰਸਾਰ, ਰਫੀਕ ਅਤੇ ਅਬੂ ਬਕਰ ਨੂੰ ਪੁਲਸ ਹਵਾਲੇ ਕਰ ਦਿਤਾ।’’ ਨੂਹ ਹਿੰਸਾ ਤੋਂ ਬਾਅਦ ਦੋਸ਼ੀਆਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਜ਼ਿਲ੍ਹਾ ਕਮਿਸ਼ਨਰ ਧੀਰੇਂਦਰ ਖੜਗਟਾ ਨੇ ਪੁਲਿਸ ਸੁਪਰਡੈਂਟ ਨਰੇਂਦਰ ਬਿਜਾਰਨੀਆ ਦੇ ਨਾਲ 262 ਪਿੰਡਾਂ ਦੇ ਪ੍ਰਮੁੱਖ ਲੋਕਾਂ ਨਾਲ ਸ਼ਾਂਤੀ ਬਣਾਈ ਰੱਖਣ ਅਤੇ ਦੋਸ਼ੀਆਂ ਦੇ ਪੁਲਿਸ ਅੱਗੇ ਆਤਮ ਸਮਰਪਣ ਨੂੰ ਯਕੀਨੀ ਬਣਾਉਣ ਲਈ ਮੀਟਿੰਗਾਂ ਕੀਤੀਆਂ ਹਨ।
ਨੂਹ ਨੇ 31 ਜੁਲਾਈ ਨੂੰ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਬ੍ਰਜ ਮੰਡਲ ਯਾਤਰਾ ’ਤੇ ਭੀੜ ਵਲੋਂ ਹਮਲਾ ਕਰਨ ਤੋਂ ਬਾਅਦ ਫਿਰਕੂ ਹਿੰਸਾ ਫੈਲ ਗਈ ਸੀ, ਜਿਸ ’ਚ ਦੋ ਹੋਮਗਾਰਡ ਅਤੇ ਇਕ ਇਮਾਮ ਸਮੇਤ ਛੇ ਲੋਕ ਮਾਰੇ ਗਏ ਸਨ।