ਕੇਂਦਰ ਸਰਕਾਰ ਦੇ ਫੈਸਲੇ ਨਾਲ ਪਿਆਜ਼ ਉਤਪਾਦਕਾਂ ਅਤੇ ਨਿਰਯਾਤ ’ਤੇ ਬੁਰਾ ਅਸਰ ਪਵੇਗਾ : ਵਪਾਰੀ
ਨਾਸਿਕ: ਪਿਆਜ਼ ਦੇ ਨਿਰਯਾਤ ’ਤੇ 40 ਫ਼ੀ ਸਦੀ ਡਿਊਟੀ ਲਾਉਣ ਦੇ ਕੇਂਦਰ ਸਰਕਾਰ ਦੇ ਫੈਸਲੇ ਵਿਰੁਧ ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ’ਚ ਸਾਰੀਆਂ ਖੇਤੀ ਪੈਦਾਵਾਰ ਬਾਜ਼ਾਰ ਕਮੇਟੀਆਂ (ਏ.ਪੀ.ਐਮ.ਸੀ.) ’ਚ ਅਨਿਸ਼ਚਿਤ ਕਾਲ ਲਈ ਪਿਆਜ਼ ਦੀ ਥੋਕ ਵਿਕਰੀ ਰੋਕ ਦਿਤੀ ਗਈ ਹੈ।
ਸੂਤਰਾਂ ਨੇ ਕਿਹਾ ਕਿ ਫੈਸਲੇ ਦੇ ਮੱਦੇਨਜ਼ਰ ਸੋਮਵਾਰ ਨੂੰ ਜ਼ਿਲ੍ਹੇ ਦੇ ਜ਼ਿਆਦਾਤਰ ਏ.ਪੀ.ਐਮ.ਸੀ. ’ਚ ਪਿਆਜ਼ ਦੀ ਥੋਕ ਵਿਕਰੀ ਬੰਦ ਰਹੀ। ਇਸ ’ਚ ਭਾਰਤ ਦਾ ਸਭ ਤੋਂ ਵੱਡਾ ਥੋਕ ਬਾਜ਼ਾਰ ਲਾਸਲਗਾਉਂ ਵੀ ਸ਼ਾਮਲ ਹੈ।
ਵਪਾਰੀਆਂ ਨੇ ਦਾਅਵਾ ਕੀਤਾ ਹੈ ਕਿ 31 ਦਸੰਬਰ, 2023 ਤਕ ਪਿਆਜ਼ ਦੇ ਨਿਰਯਾਤ ’ਤੇ 40 ਫ਼ੀ ਸਦੀ ਡਿਊਟੀ ਲਾਉਣ ਦੇ ਕੇਂਦਰ ਸਰਕਾਰ ਦੇ ਫੈਸਲੇ ਨਾਲ ਪਿਆਜ਼ ਉਤਪਾਦਕਾਂ ਅਤੇ ਇਸ ਦੇ ਨਿਰਯਾਤ ’ਤੇ ਬੁਰਾ ਅਸਰ ਪਵੇਗਾ।
ਨਾਸਿਕ ਜ਼ਿਲ੍ਹਾ ਪਿਆਜ਼ ਵਪਾਰੀ ਸੰਘ ਦੀ ਐਤਵਾਰ ਨੂੰ ਹੋਈ ਬੈਠਕ ’ਚ ਇਥੇ ਪਿਆਜ਼ ਦੀ ਥੋਕ ਵਿਕਰੀ ਅਣਮਿੱਥੇ ਸਮੇਂ ਲਈ ਬੰਦ ਕਰਨ ਦਾ ਫੈਸਲਾ ਕੀਤਾ ਗਿਆ।
ਨਾਸਿਕ ਜ਼ਿਲ੍ਹਾ ਪਿਆਜ਼ ਵਪਾਰੀ ਸੰਘ ਦੀ ਐਤਵਾਰ ਨੂੰ ਹੋਈ ਬੈਠਕ ’ਚ ਪਿਆਜ਼ ਦੀ ਥੋਕ ਵਿਕਰੀ ਅਣਮਿੱਥੇ ਸਮੇਂ ਲਈ ਬੰਦ ਕਰਨ ਦਾ ਫੈਸਲਾ ਕੀਤਾ ਗਿਆ।
ਨਾਸਿਕ ਜ਼ਿਲ੍ਹਾ ਪਿਆਜ਼ ਵਪਾਰੀ ਸੰਘ ਦੇ ਪ੍ਰਧਾਨ ਖੰਡੂ ਦੇਵਰੇ ਨੇ ਸੋਮਵਾਰ ਨੂੰ ਕਿਹਾ, ‘‘ਜੇਕਰ ਪਿਆਜ਼ ਏ.ਪੀ.ਐਮ.ਸੀ. ’ਚ ਆਇਆ ਤਾਂ ਸੰਭਵ ਹੈ ਕਿ ਉਨ੍ਹਾਂ ਪਿਆਜ਼ ਦੀ ਵਿਕਰੀ ਕੀਤੀ ਜਾਵੇ ਕਿਉਂਕਿ ਇਸ ਫੈਸਲੇ ਨੂੰ ਕਿਸਾਨਾਂ ਤਕ ਪਹੁੰਚਾਉਣ ’ਚ ਸਮਾਂ ਲਗੇਗਾ। ਇਸ ਤੋਂ ਬਾਅਦ ਪ੍ਰਕਿਰਿਆ ਅਣਮਿੱਥੇ ਸਮੇਂ ਤਕ ਬੰਦ ਰਹੇਗੀ। ਬੈਠਕ ’ਚ ਕਿਸਾਨਾਂ ਦੀਆਂ ਵੱਖੋ-ਵੱਖ ਜਥੇਬੰਦੀਆਂ ਦੀ ਅਪੀਲ ’ਤੇ ਇਹ ਫੈਸਲਾ ਕੀਤਾ ਗਿਆ।’’
ਸੂਤਰਾਂ ਅਨੁਸਾਰ, ਕਈ ਥਾਵਾਂ ਤੋਂ ਏ.ਪੀ.ਐੱਮ.ਸੀ. ’ਚ ਪਿਆਜ਼ ਲਿਆਂਦੇ ਗਏ ਅਤੇ ਉਨ੍ਹਾਂ ਦੀ ਵਿਕਰੀ ਵੀ ਸ਼ੁਰੂ ਹੋ ਗਈ। ਸਰਕਾਰ ਨੇ ਕੀਮਤਾਂ ’ਚ ਵਾਧੇ ਦੇ ਸ਼ੱਕ ਵਿਚਕਾਰ ਘਰੇਲੂ ਉਪਲਬਧਤਾ ਵਧਾਉਣ ਲਈ ਸਨਿਚਰਵਾਰ ਨੂੰ ਪਿਆਜ਼ ’ਤੇ 40 ਫ਼ੀ ਸਦੀ ਨਿਰਯਾਤ ਡਿਊਟੀ ਲਾਈ ਹੈ। ਇਹ ਨਿਰਯਾਤ ਡਿਊਟੀ 31 ਦਸੰਬਰ, 2023 ਤਕ ਪਿਆਜ਼ ’ਤੇ ਜਾਰੀ ਰਹੇਗੀ।