
ਕੇਂਦਰ ਸਰਕਾਰ ਨੇ ਹਸਪਤਾਲ ਦੀ ਸੁਰੱਖਿਆ CISF ਨੂੰ ਸੌਂਪਣ ਲਈ ਪੱਛਮੀ ਬੰਗਾਲ ਸਰਕਾਰ ਨੂੰ ਚਿੱਠੀ ਲਿਖੀ
Kolkata doctor rape murder case : ਕੇਂਦਰੀ ਗ੍ਰਹਿ ਮੰਤਰਾਲੇ ਨੇ ਕੋਲਕਾਤਾ ਸਥਿਤ ਆਰ.ਜੀ. ਕਰ ਮੈਡੀਕਲ ਕਾਲਜ ਅਤੇ ਹਸਪਤਾਲ ਦੀ ਸੁਰੱਖਿਆ ਲਈ ਕੇਂਦਰੀ ਉਦਯੋਗਿਗ ਸੁਰੱਖਿਆ ਬਲ (ਸੀ.ਆਈ.ਐਸ.ਐਫ.) ਦੀ ਤੈਨਾਤੀ ਲਈ ਬੁਧਵਾਰ ਨੂੰ ਪਛਮੀ ਬੰਗਾਲ ਦੀ ਮੁੱਖ ਸਕੱਤਰ ਨੂੰ ਚਿੱਠੀ ਲਿਖੀ।
ਗ੍ਰਹਿ ਮੰਤਰਾਲੇ ਨੇ ਸੁਪਰੀਮ ਕੋਰਟ ਦੇ ਹੁਕਮ ’ਤੇ ਕੇਂਦਰੀ ਫੋਰਸ ਨੂੰ ਇਹ ਹੁਕਮ ਦਿਤੇ ਹਨ। ਡੀ.ਆਈ.ਜੀ. ਪੱਧਰ ਦੇ ਅਧਿਕਾਰੀ ਦੀ ਅਗਵਾਈ ਵਾਲੀ ਸੀ.ਆਈ.ਐਸ.ਐਫ. ਦੀ ਟੀਮ ਨੇ ਬੁਧਵਾਰ ਸਵੇਰੇ ਹਸਪਤਾਲ ਦਾ ਨਿਰੀਖਣ ਕੀਤਾ ਜਿੱਥੇ ਕੁੱਝ ਦਿਨ ਪਹਿਲਾਂ 31 ਸਾਲ ਦੀ ਸਿਖਾਂਦਰੂ ਮਹਿਲਾ ਡਾਕਟਰ ਨਾਲ ਕਥਿਤ ਤੌਰ ’ਤੇ ਜਬਰ ਜਨਾਹ ਅਤੇ ਕਤਲ ਕੀਤਾ ਗਿਆ ਸੀ।
ਸੂਤਰਾਂ ਨੇ ਦਸਿਆ ਕਿ ਗ੍ਰਹਿ ਮੰਤਰਾਲੇ ਨੇ ਪਛਮੀ ਬੰਗਾਲ ਦੇ ਮੁੱਖ ਸਕੱਤਰ ਨੂੰ ਚਿੱਠੀ ਲਿਖ ਕੇ ਹਸਪਤਾਲ ’ਚ ਸੀ.ਆਈ.ਐਸ.ਐਫ. ਦੀ ਤੈਨਾਤੀ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਇਹ ਫੋਰਸ ਰੈਜ਼ੀਡੈਂਟ ਡਾਕਟਰਾਂ ਦੇ ਹੋਸਟਲਾਂ ਦੀ ਵੀ ਰਾਖੀ ਕਰੇਗੀ। ਸੂਤਰਾਂ ਨੇ ਦਸਿਆ ਕਿ ਅਰਧ ਸੈਨਿਕ ਬਲ ਦੀ ਇਕ ਹਥਿਆਰਬੰਦ ਟੀਮ ਜਲਦੀ ਹੀ ਤਾਇਨਾਤ ਕੀਤੀ ਜਾਵੇਗੀ।
ਮਹਿਲਾ ਡਾਕਟਰ ਦੀ ਲਾਸ਼ 9 ਅਗੱਸਤ ਦੀ ਸਵੇਰ ਨੂੰ ਹਸਪਤਾਲ ਦੇ ਆਡੀਟੋਰੀਅਮ ’ਚ ਮਿਲੀ ਸੀ। ਇਸ ਮਾਮਲੇ ’ਚ 10 ਅਗੱਸਤ ਨੂੰ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜੋ ਅਕਸਰ ਹਸਪਤਾਲ ’ਚ ਆਉਂਦਾ ਰਹਿੰਦਾ ਸੀ। ਇਸ ਘਟਨਾ ਤੋਂ ਬਾਅਦ ਦੇਸ਼ ਭਰ ’ਚ ਮੈਡੀਕਲ ਸੇਵਾਵਾਂ ਪ੍ਰਭਾਵਤ ਹੋਈਆਂ ਹਨ ਅਤੇ ਵੱਖ-ਵੱਖ ਸੰਗਠਨਾਂ ਦੇ ਬੈਨਰ ਹੇਠ ਸੈਂਕੜੇ ਡਾਕਟਰ ਅਪਣੀ ਸੁਰੱਖਿਆ ਦੀ ਮੰਗ ਨੂੰ ਲੈ ਕੇ ਹੜਤਾਲ ’ਤੇ ਹਨ।
ਸੁਪਰੀਮ ਕੋਰਟ ਨੇ ਡਾਕਟਰਾਂ ਅਤੇ ਸਿਹਤ ਸੰਭਾਲ ਪੇਸ਼ੇਵਰਾਂ ਦੀ ਸੁਰੱਖਿਆ ਅਤੇ ਸਹੂਲਤਾਂ ਨੂੰ ਯਕੀਨੀ ਬਣਾਉਣ ਲਈ ਕੌਮੀ ਪ੍ਰੋਟੋਕੋਲ ਤਿਆਰ ਕਰਨ ਲਈ ਮੰਗਲਵਾਰ ਨੂੰ 10 ਮੈਂਬਰੀ ਕੌਮੀ ਟਾਸਕ ਫੋਰਸ (ਐਨ.ਟੀ.ਐਫ.) ਦਾ ਗਠਨ ਕੀਤਾ। ਸੁਪਰੀਮ ਕੋਰਟ ਨੇ ਡਾਕਟਰਾਂ ਨੂੰ ਸੁਰੱਖਿਆ ਦੇਣ ਲਈ ਹਸਪਤਾਲ ’ਚ ਸੀ.ਆਈ.ਐਸ.ਐਫ. ਤਾਇਨਾਤ ਕਰਨ ਦੇ ਵੀ ਹੁਕਮ ਦਿਤਾ ਸੀ।