
ਰਾਜਸਥਾਨ ਤੋਂ ਰਾਜ ਸਭਾ ਜਾਣਗੇ ਰਵਨੀਤ ਬਿੱਟੂ
Ravneet Bittu News : ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ (Ravneet Singh Bittu) ਨੂੰ ਭਾਜਪਾ ਨੇ ਰਾਜਸਥਾਨ ਤੋਂ ਰਾਜ ਸਭਾ ਉਮੀਦਵਾਰ ਐਲਾਨਿਆ ਹੈ। ਰਾਜਸਥਾਨ ਤੋਂ ਭਾਜਪਾ ਦੇ ਉਮੀਦਵਾਰ ਰਵਨੀਤ ਬਿੱਟੂ ਨੇ ਬੁੱਧਵਾਰ ਦੁਪਹਿਰ ਨੂੰ ਰਾਜ ਸਭਾ ਉਪ ਚੋਣ ਲਈ ਜੈਪੁਰ 'ਚ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ। ਰਵਨੀਤ ਬਿੱਟੂ ਰਾਜਸਥਾਨ ਤੋਂ ਰਾਜ ਸਭਾ ਜਾਣਗੇ।
ਨਾਮਜ਼ਦਗੀ ਤੋਂ ਠੀਕ ਪਹਿਲਾਂ ਜੈਪੁਰ ਵਿੱਚ ਰਾਜਸਥਾਨ ਭਾਜਪਾ ਦੀ ਇੱਕ ਵੱਡੀ ਮੀਟਿੰਗ ਹੋਈ, ਜਿਸ ਵਿੱਚ ਮੁੱਖ ਮੰਤਰੀ ਭਜਨ ਲਾਲ ਸ਼ਰਮਾ, ਦੋਵੇਂ ਉਪ ਮੁੱਖ ਮੰਤਰੀ ਪ੍ਰੇਮਚੰਦ ਬੈਰਵਾ ਅਤੇ ਦੀਆ ਕੁਮਾਰੀ, ਸਰਕਾਰ ਦੇ ਸਾਰੇ ਮੰਤਰੀਆਂ ਅਤੇ ਭਾਜਪਾ ਵਿਧਾਇਕਾਂ ਨੇ ਮੁਲਾਕਾਤ ਕੀਤੀ।
ਦੱਸਿਆ ਜਾ ਰਿਹਾ ਹੈ ਕਿ ਇਹ ਮੀਟਿੰਗ ਰਵਨੀਤ ਸਿੰਘ ਬਿੱਟੂ ਦੀ ਉਮੀਦਵਾਰੀ ਲਈ ਪਾਰਟੀ ਅੰਦਰ ਸਭ ਦੀ ਸਹਿਮਤੀ ਦਿਖਾਉਣ ਲਈ ਬੁਲਾਈ ਗਈ ਸੀ ਕਿਉਂਕਿ ਪਹਿਲਾਂ ਚਰਚਾ ਸੀ ਕਿ ਰਾਜ ਸਭਾ ਦਾ ਉਮੀਦਵਾਰ ਸੂਬੇ ਦੇ ਅੰਦਰੋਂ ਕੋਈ ਹੋ ਸਕਦਾ ਹੈ। ਇਸ ਮੁਲਾਕਾਤ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ।
ਮੀਡੀਆ ਨਾਲ ਗੱਲਬਾਤ ਕਰਦਿਆਂ ‘ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਕਿਹਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਪੂਰੀ ਲੀਡਰਸਿਪ ਨੇ ਮੈਨੂੰ ਇਹ ਮੌਕਾ ਦਿੱਤਾ ਹੈ, ਮੈਂ ਹਮੇਸ਼ਾ ਉਨ੍ਹਾਂ ਦਾ ਰਿਣੀ ਰਹਾਂਗਾ। ਰਾਜਸਥਾਨ ਨੇ ਮੈਨੂੰ ਜੋ ਅਸ਼ੀਰਵਾਦ ਦਿੱਤਾ ਹੈ, ਉਸਨੂੰ ਬਿਆਨ ਕਰਨ ਲਈ ਮੇਰੇ ਕੋਲ ਸ਼ਬਦ ਨਹੀਂ ਹਨ। ਮੈਂ ਵਿਸ਼ਵਾਸ ਨਾਲ ਕਹਿ ਸਕਦਾ ਹਾਂ ਕਿ ਜੇਕਰ ਤੁਸੀਂ ਮੈਨੂੰ ਰਾਜਸਥਾਨ ਤੋਂ ਰਾਜ ਸਭਾ ਲਈ ਚੁਣੇ ਜਾਣ ਦਾ ਮੌਕਾ ਦਿੰਦੇ ਹੋ ਤਾਂ ਮੈਂ ਭਾਜਪਾ ਅਤੇ ਰਾਜਸਥਾਨ ਦੀ 'ਚਿੱਟੀ ਚਾਦਰ' 'ਤੇ ਕੋਈ ਦਾਗ ਨਹੀਂ ਲੱਗਣ ਦੇਵਾਂਗਾ।
ਦੱਸ ਦੇਈਏ ਕਿ ਲੁਧਿਆਣਾ ਤੋਂ ਦੋ ਵਾਰ ਸੰਸਦ ਮੈਂਬਰ ਰਹਿ ਚੁੱਕੇ ਰਵਨੀਤ ਬਿੱਟੂ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। ਬਿੱਟੂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਬੇਅੰਤ ਸਿੰਘ ਦਾ ਪੋਤਾ ਅਤੇ ਸਾਬਕਾ ਮੰਤਰੀ ਤੇਜ ਪ੍ਰਕਾਸ਼ ਸਿੰਘ ਦਾ ਪੁੱਤਰ ਹੈ।
ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਪਾਰਟੀ ਨੇ ਉਨ੍ਹਾਂ ਨੂੰ ਲੁਧਿਆਣਾ ਤੋਂ ਟਿਕਟ ਦਿੱਤੀ ਸੀ ਪਰ ਉਨ੍ਹਾਂ ਨੂੰ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਲੋਕ ਸਭਾ ਚੋਣਾਂ ਵਿੱਚ ਹਾਰ ਦੇ ਬਾਵਜੂਦ ਭਾਜਪਾ ਨੇ ਮੋਦੀ 3.0 ਸਰਕਾਰ ਵਿੱਚ ਬਿੱਟੂ ਨੂੰ ਕੇਂਦਰੀ ਰਾਜ ਮੰਤਰੀ ਬਣਾਇਆ ਹੈ। ਇਸ ਲਈ ਉਨ੍ਹਾਂ ਲਈ ਰਾਜ ਸਭਾ ਜਾਣਾ ਅਤੇ ਸੰਸਦ ਮੈਂਬਰ ਵਜੋਂ ਸਹੁੰ ਚੁੱਕਣਾ ਬਹੁਤ ਜ਼ਰੂਰੀ ਹੈ।