
ਸਾਡੇ ਬੱਚਿਆਂ ਨੂੰ ਮੁਫ਼ਤ ਆਟਾ-ਦਾਲ ਨਹੀਂ, ਸਗੋਂ ਰੁਜ਼ਗਾਰ ਚਾਹੀਦਾ।
ਨਵੀਂ ਦਿੱਲੀ- ਕਿਸਾਨ ਅੰਦੋਲਨ ਨੂੰ 1 ਸਾਲ ਪੂਰਾ ਹੋ ਗਿਆ ਹੈ ਪਰ ਸਰਕਾਰ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦਾ ਨਾਂ ਨਹੀਂ ਲੈ ਰਹੀ। ਕੇਂਦਰ ਸਰਕਾਰ ਖਿਲਾਫ਼ ਵਿਰੋਧ ਹੋਰ ਤੇਜ਼ ਹੁੰਦਾ ਜਾ ਰਿਹਾ ਹੈ ਹਰ ਰੋਜ਼ ਕੋਈ ਨਾ ਕੋਈ ਕਿਸਾਨਾਂ ਦਾ ਸਮਰਥਕ ਸਰਕਾਰ ਨੂੰ ਲਾਹਨਤਾਂ ਪਾਉਂਦਾ ਹੈ ਤੇ ਅੱਜ ਕਿਸਾਨੀ ਸੰਘਰਸ਼ ਦੀ ਸਟੇਜ ਤੋਂ ਪੰਜਾਬ ਗਾਇਕ ਪੰਮੀ ਬਾਈ ਨੇ ਸਰਕਾਰ ਨੂੰ ਰੱਜ ਕੇ ਝਾੜ ਪਾਈ ਹੈ। ਪੰਮੀ ਬਾਈ ਨੇ ਕੇਂਦਰ ਸਰਕਾਰ ਦੇ ਨਾਲ-ਨਾਲ ਬਾਕੀ ਸਰਕਾਰਾਂ ਨੂੰ ਵੀ ਵਿਚ ਹੀ ਘੜੀਸ ਲਿਆ। ਪੰਮੀ ਬਾਈ ਨੇ ਕਿਹਾ ਕਿ ਇਹ ਗੱਲ ਬਹੁਤ ਅਫਸੋਸ ਨਾਲ ਕਹਿਣੀ ਪੈ ਰਹੀ ਹੈ ਕਿ ਕੇਂਦਰ ਦੀ ਸਰਕਾਰ ਨੇ ਇਕ ਵਾਰ ਵੀ ਪਾਰਲੀਮੈਂਟ ਵਿਚ ਕਿਸਾਨ ਅੰਦੋਲਨ ਵਿਚ ਜਾਨ ਗਵਾਉਣ ਵਾਲੇ ਕਿਸਾਨਾਂ ਦਾ ਜ਼ਿਕਰ ਨਹੀਂ ਕੀਤਾ, ਉਹਨਾਂ ਬਾਰੇ ਇਕ ਵੀ ਸ਼ਬਦ ਨਹੀਂ ਬੋਲਿਆ ਗਿਆ
Pammi Bai
ਪਿਛਲੇ ਮਹੀਨਿਆਂ 'ਚ 600 ਤੋਂ ਵੱਧ ਕਿਸਾਨ ਸ਼ਹੀਦ ਹੋ ਗਏ ਨੇ ਪਰ ਸਰਕਾਰ ਨੇ 11 ਮੀਟਿੰਗਾਂ ਕਰ ਕੇ ਵੀ ਕੋਈ ਹੱਲ ਨਹੀਂ ਕੀਤਾ। ਪੰਮੀ ਬਾਈ ਨੇ ਕਿਹਾ ਕਿ ਦੇਸ਼ 'ਚ ਹਕੂਮਤ ਕਰਨ ਵਾਲੀ ਸਰਕਾਰ ਨੇ ਜੋ ਮਾਡਲ ਬਣਾਇਆ ਹੈ ਉਹ ਕਾਰਪੋਰੇਟ ਘਰਾਣਿਆਂ ਦਾ ਮਾਡਲ ਹੈ ਪਰ ਮੈਨੂੰ ਇਸ ਗੱਲ ਦਾ ਅਫਸੋਸ ਵੀ ਹੈ ਕਿ ਸਾਡਾ ਇੰਟੈਲੀਜੈਂਸੀਆ ਤੇ ਸਾਡੇ ਬੁੱਧੀਜੀਵੀ ਪਿਛਲੇ 40 ਸਾਲਾਂ ਤੋਂ ਬਾਹਰ ਖਾਮੋਸ਼ ਹੋਇਆ ਬੈਠਾ ਹੈ। ਉਹਨਾਂ ਕਿਹਾ ਕਿ ਅਜਿਹੇ ਬਹੁਤ ਘੱਟ ਲੋਕ ਹਨ ਜੋ ਲੋਕਾਂ ਦੇ ਵਿਚ ਜਾ ਕੇ ਗੱਲ ਕਰਦੇ ਨੇ ਬਾਤ ਪਾਉਂਦੇ ਨੇ ਪਰ ਬਾਕੀ ਤਾਂ ਘਰਾਂ ਦੇ ਡਰਾਇੰਗ ਰੂਮਾਂ ਵਿਚ ਜਾਂ ਕਾਫ਼ੀ ਹਾਊਸਾਂ ਦੇ ਵਿਚ ਜਾਂ ਅਪਣੀਆਂ ਛੋਟੀਆਂ ਸਭਾਵਾਂ ਕਰ ਕੇ ਉਸ ਵਿਚ ਹੀ ਮੰਥਨ ਕਰ ਕੇ ਚੁੱਪ ਕਰ ਜਾਂਦੇ ਹਨ।
Pammi Bai
ਉਹਨਾਂ ਕਿਹਾ ਕਿ ਮੈਂ ਕਈ ਰਿਟਾਇਰ ਹੋਏ ਅਫਸਰਾਂ ਤੋਂ ਪੁੱਛਿਆ ਵੀ ਹੈ ਕਿ ਉਹਨਾਂ ਨੇ ਪੰਜਾਬ ਲਈ ਕੀਤਾ ਹੈ ਤੇ ਕਿਉਂ ਅਸੀਂ 1 ਨੰਬਰ ਤੋਂ 16 ਵੇਂ ਨੰਬਰ ਤੱਕ ਪਹੁੰਚ ਗਏ ਹਾਂ। ਉਹਨਾਂ ਕਿਹਾ ਕਿ 'ਲੀਡਰਾਂ ਨੇ ਪੰਜਾਬ ਨੂੰ 3 ਲੱਖ ਕਰੋੜ ਦਾ ਕਰਜ਼ਾਈ ਕਰ ਦਿੱਤਾ ਹੈ ਤੇ ਆਉਣ ਵਾਲੇ ਸਮੇਂ 'ਚ ਅਸੀਂ 4 ਲੱਖ ਕਰੋੜ ਦੇ ਕਰਜ਼ਾਈ ਹੋ ਜਾਵਾਂਗੇ, ਅਗਲੇ 15 ਸਾਲਾਂ 'ਚ ਸਾਡਾ ਹਾਲ ਅਫ਼ਗਾਨਿਸਤਾਨ ਵਰਗਾ ਹੋ ਜਾਵੇਗਾ, ਸਾਡੇ ਬੱਚਿਆਂ ਨੂੰ ਮੁਫ਼ਤ ਆਟਾ-ਦਾਲ ਨਹੀਂ, ਸਗੋਂ ਰੁਜ਼ਗਾਰ ਚਾਹੀਦਾ।
ਉਹਨਾਂ ਕਿਹਾ ਕਿ ਸਾਡੇ ਸੂਬੇ ਵਿਚ ਰਾਜ ਕਰਨ ਵਾਲੀ ਸਰਕਾਰ ਜਾਂ ਰਾਜ ਕਰ ਚੁੱਕੀ ਸਰਕਾਰ ਜਾਂ ਜੋ ਕਰਨਾ ਚਾਹੁੰਦੀ ਹੈ ਉਹ ਸਭ ਮਿਲੀਆਂ ਹੋਈਆਂ ਹਨ ਤੇ ਉਹ ਕਾਰਪੋਰੇਟ ਦੇ ਮਾਡਲ 'ਤੇ ਕੰਮ ਕਰ ਰਹੀਆਂ ਹਨ।