ਇਹ ਸੱਚ ਹੈ ਕਿ ਜੀ-20 ਦੌਰਾਨ ਟਰੂਡੋ ਨੇ ਨਿੱਝਰ ਦੇ ਕਤਲ ਦਾ ਮੁੱਦਾ ਮੋਦੀ ਕੋਲ ਉਠਾਇਆ ਸੀ। ਸਾਡੇ PM ਨੇ ਇਸ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਸੀ।
ਨਵੀਂ ਦਿੱਲੀ- ਕੈਨੇਡਾ 'ਚ ਗਰਮਖਿਆਲੀ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ 'ਚ ਭਾਰਤ ਸਰਕਾਰ ਦੇ ਏਜੰਟ ਦਾ ਹੱਥ ਹੋਣ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਦੋਸ਼ਾਂ ਤੋਂ ਬਾਅਦ ਭਾਰਤ-ਕੈਨੇਡਾ ਦੇ ਸਬੰਧ ਵਿਗੜਦੇ ਨਜ਼ਰ ਆ ਰਹੇ ਹਨ। ਕੈਨੇਡਾ ਵਿਚ ਭਾਰਤ ਦੇ ਵੀਜ਼ਾ ਐਪਲੀਕੇਸ਼ਨ ਸੈਂਟਰ ਨੇ ਵੀਰਵਾਰ ਨੂੰ ਕੈਨੇਡੀਅਨਾਂ ਲਈ ਵੀਜ਼ਾ ਸੇਵਾਵਾਂ ਮੁਅੱਤਲ ਕਰ ਦਿੱਤੀਆਂ।
ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਵੀਰਵਾਰ ਨੂੰ ਇੱਕ ਪ੍ਰੈਸ ਕਾਨਫ਼ਰੰਸ ਵਿਚ ਕਿਹਾ ਕਿ ਕੈਨੇਡਾ ਵਿਚ ਸਾਡੀ ਡਿਪਲੋਮੈਟਿਕ ਯੂਨਿਟ ਨੂੰ ਧਮਕੀਆਂ ਮਿਲ ਰਹੀਆਂ ਹਨ। ਉਹ ਆਪਣਾ ਕੰਮ ਨਹੀਂ ਕਰ ਪਾ ਰਹੇ ਹਨ। ਇਹੀ ਕਾਰਨ ਹੈ ਕਿ ਵੀਜ਼ਾ ਸੇਵਾਵਾਂ ਮੁਅੱਤਲ ਕੀਤੀਆਂ ਗਈਆਂ ਹਨ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ- ਅਸੀਂ ਲੰਬੇ ਸਮੇਂ ਤੋਂ ਜਾਣਦੇ ਹਾਂ ਕਿ ਪਾਕਿਸਤਾਨ ਅਤਿਵਾਦ ਦਾ ਸਮਰਥਕ ਹੈ ਅਤੇ ਉਨ੍ਹਾਂ ਨੂੰ ਪੈਸਾ ਵੀ ਦਿੰਦਾ ਹੈ। ਇਸ ਦੇ ਨਾਲ ਹੀ ਕੈਨੇਡਾ ਅਤਿਵਾਦੀਆਂ ਨੂੰ ਰਹਿਣ ਅਤੇ ਉਨ੍ਹਾਂ ਦੀਆਂ ਯੋਜਨਾਵਾਂ ਨੂੰ ਅੰਜਾਮ ਦੇਣ ਲਈ ਜਗ੍ਹਾ ਦੇ ਰਿਹਾ ਹੈ।
ਕੈਨੇਡਾ ਦੇ ਦੋਸ਼ ਸਿਆਸਤ ਤੋਂ ਪ੍ਰੇਰਿਤ ਹਨ। ਕੈਨੇਡਾ ਨੇ ਅਜੇ ਤੱਕ ਇਸ ਮਾਮਲੇ 'ਚ ਕੋਈ ਖ਼ਾਸ ਸਬੂਤ ਨਹੀਂ ਦਿੱਤਾ ਹੈ। ਅਸੀਂ ਉਸ ਨੂੰ ਸਬੂਤ ਦੇਣ ਲਈ ਕਿਹਾ ਹੈ।
ਭਾਰਤ ਨੇ ਕੈਨੇਡਾ ਨੂੰ ਲਗਾਤਾਰ ਕਿਹਾ ਹੈ ਕਿ ਉਨ੍ਹਾਂ ਦੇ ਦੇਸ਼ ਵਿਚ ਭਾਰਤ ਵਿਰੋਧੀ ਗਤੀਵਿਧੀਆਂ ਹੋ ਰਹੀਆਂ ਹਨ। ਹਾਲਾਂਕਿ ਉਸ ਨੇ ਇਸ 'ਤੇ ਕੋਈ ਕਾਰਵਾਈ ਨਹੀਂ ਕੀਤੀ। ਅਸੀਂ ਕੈਨੇਡਾ ਨੂੰ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ ਦੋਹਾਂ ਦੇਸ਼ਾਂ 'ਚ ਡਿਪਲੋਮੈਟਾਂ ਦੀ ਗਿਣਤੀ ਬਰਾਬਰ ਹੋਣੀ ਚਾਹੀਦੀ ਹੈ। ਇਹ ਵਿਆਨਾ ਕਨਵੈਨਸ਼ਨ ਤਹਿਤ ਜ਼ਰੂਰੀ ਹੈ।
ਅਰਿੰਦਮ ਬਾਗਚੀ ਨੇ ਕਿਹਾ ਕਿ ਇਹ ਸੱਚ ਹੈ ਕਿ ਜੀ-20 ਦੌਰਾਨ ਟਰੂਡੋ ਨੇ ਨਿੱਝਰ ਦੇ ਕਤਲ ਦਾ ਮੁੱਦਾ ਮੋਦੀ ਕੋਲ ਉਠਾਇਆ ਸੀ। ਸਾਡੇ ਪ੍ਰਧਾਨ ਮੰਤਰੀ ਨੇ ਇਸ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਸੀ। ਅਸੀਂ ਫਿਲਹਾਲ ਈ-ਵੀਜ਼ਾ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਰੋਕ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਅਸੀਂ ਕੈਨੇਡਾ ਨੂੰ ਕਿਹਾ ਹੈ ਕਿ ਭਗੌੜੇ ਅਪਰਾਧੀਆਂ ਨੂੰ ਕਾਨੂੰਨੀ ਪ੍ਰਕਿਰਿਆ ਤਹਿਤ ਭਾਰਤ ਲਿਆਂਦਾ ਜਾਵੇਗਾ ਅਤੇ ਇਹ ਅੰਤਰਰਾਸ਼ਟਰੀ ਕਾਨੂੰਨ ਤਹਿਤ ਲਾਜ਼ਮੀ ਹੈ।
ਕੁਝ ਲੋਕ ਵਿਦਿਆਰਥੀਆਂ ਦੇ ਵੀਜ਼ਾ ਅਤੇ ਸੁਰੱਖਿਆ 'ਤੇ ਸਵਾਲ ਉਠਾ ਰਹੇ ਹਨ। ਮੈਂ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਉਹ ਸਾਡੇ ਨਾਗਰਿਕ ਹਨ ਅਤੇ ਉਨ੍ਹਾਂ ਦੀ ਸੁਰੱਖਿਆ ਕੈਨੇਡਾ ਦੀ ਜ਼ਿੰਮੇਵਾਰੀ ਹੈ। ਕਰੀਬ 20 ਲੋਕ ਅਜਿਹੇ ਹਨ ਜਿਨ੍ਹਾਂ ਬਾਰੇ ਅਸੀਂ ਕੈਨੇਡਾ ਨੂੰ ਸਬੂਤ ਦੇ ਕੇ ਭਾਰਤ ਹਵਾਲੇ ਕਰਨ ਲਈ ਕਿਹਾ ਹੈ। ਇਹ ਗਿਣਤੀ 25 ਵੀ ਹੋ ਸਕਦੀ ਹੈ।
ਅਰਿੰਦਮ ਬਾਗਚੀ ਨੇ ਕਿਹਾ ਕਿ ਉਹਨਾਂ ਨੇ ਸਾਵਧਾਨੀ ਵਜੋਂ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ। ਸਾਡਾ ਕੌਂਸਲੇਟ ਉੱਥੇ ਕੰਮ ਕਰ ਰਿਹਾ ਹੈ। ਅਸੀਂ ਕਿਹਾ ਹੈ ਕਿ ਜੇਕਰ ਉਨ੍ਹਾਂ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਸਾਡੇ ਕੌਂਸਲੇਟ ਨਾਲ ਸੰਪਰਕ ਕਰਨ...ਸਾਡੀ ਵੀਜ਼ਾ ਨੀਤੀ ਤੋਂ ਉਹਨਾਂ ਨੂੰ ਕੋਈ ਫਰਕ ਨਹੀਂ ਪੈਣਾ ਚਾਹੀਦਾ ਕਿਉਂਕਿ ਉਹ ਭਾਰਤ ਦੇ ਨਾਗਰਿਕ ਹਨ।
ਅਰਿੰਦਮ ਬਾਗਚੀ ਨੇ ਕਿਹਾ ਕਿ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਹਾਂ। ਅਸੀਂ ਭਾਰਤ ਵਿਚ ਵਿਦੇਸ਼ੀ ਡਿਪਲੋਮੈਟਾਂ ਨੂੰ ਯਕੀਨੀ ਤੌਰ 'ਤੇ ਹਰ ਤਰ੍ਹਾਂ ਦੀ ਸੁਰੱਖਿਆ ਪ੍ਰਦਾਨ ਕਰਾਂਗੇ। ਅਸੀਂ ਕੈਨੇਡਾ ਵਿਚ ਸਾਡੇ ਡਿਪਲੋਮੈਟਾਂ ਪ੍ਰਤੀ ਵੀ ਅਜਿਹੀ ਹੀ ਸੰਵੇਦਨਸ਼ੀਲਤਾ ਦਿਖਾਉਣ ਦੀ ਉਮੀਦ ਕਰਦੇ ਹਾਂ।