
ਸਿੱਖਾਂ ਨੂੰ ਪੁਛਿਆ : ‘ਕੀ ਮੇਰੀ ਗੱਲ ’ਚ ਕੁੱਝ ਗਲਤ ਹੈ?’
ਨਵੀਂ ਦਿੱਲੀ: ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ’ਤੇ ਅਮਰੀਕਾ ’ਚ ਉਨ੍ਹਾਂ ਦੀ ਹਾਲੀਆ ਟਿਪਣੀ ਨੂੰ ਲੈ ਕੇ ਝੂਠ ਫੈਲਾਉਣ ਦਾ ਦੋਸ਼ ਲਗਾਉਂਦੇ ਹੋਏ ਸਨਿਚਰਵਾਰ ਨੂੰ ਸਿੱਖਾਂ ਨੂੰ ਪੁਛਿਆ ਕਿ ਕੀ ਉਨ੍ਹਾਂ ਦੀ ਗੱਲ ’ਚ ਕੁੱਝ ਗਲਤ ਹੈ ਅਤੇ ਕੀ ਭਾਰਤ ਅਜਿਹਾ ਦੇਸ਼ ਨਹੀਂ ਹੋਣਾ ਚਾਹੀਦਾ ਜਿੱਥੇ ਹਰ ਭਾਰਤੀ ਬਿਨਾਂ ਕਿਸੇ ਡਰ ਦੇ ਅਪਣੇ ਧਰਮ ਦਾ ਪਾਲਣ ਕਰ ਸਕੇ।ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਉਨ੍ਹਾਂ ਨੂੰ ਚੁੱਪ ਕਰਾਉਣ ਲਈ ਬੇਤਾਬ ਹੈ ਕਿਉਂਕਿ ਉਹ ਸੱਚਾਈ ਨੂੰ ਬਰਦਾਸ਼ਤ ਨਹੀਂ ਕਰ ਸਕਦੀ।
ਰਾਹੁਲ ਗਾਂਧੀ ਨੇ ‘ਐਕਸ’ ’ਤੇ ਇਕ ਪੋਸਟ ’ਚ ਕਿਹਾ, ‘‘ਭਾਜਪਾ ਅਮਰੀਕਾ ’ਚ ਮੇਰੇ ਬਿਆਨ ਨੂੰ ਲੈ ਕੇ ਝੂਠ ਫੈਲਾ ਰਹੀ ਹੈ। ਮੈਂ ਭਾਰਤ ਅਤੇ ਵਿਦੇਸ਼ਾਂ ’ਚ ਰਹਿੰਦੇ ਹਰ ਸਿੱਖ ਭਰਾ-ਭੈਣ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਕੀ ਮੈਂ ਜੋ ਕਿਹਾ ਉਸ ’ਚ ਕੁੱਝ ਗਲਤ ਹੈ? ਕੀ ਭਾਰਤ ਇਕ ਅਜਿਹਾ ਦੇਸ਼ ਨਹੀਂ ਹੋਣਾ ਚਾਹੀਦਾ ਜਿੱਥੇ ਹਰ ਸਿੱਖ ਅਤੇ ਹਰ ਭਾਰਤੀ ਬਿਨਾਂ ਕਿਸੇ ਡਰ ਦੇ ਅਪਣੇ ਧਰਮ ਦਾ ਪਾਲਣ ਕਰ ਸਕੇ?’’
ਉਨ੍ਹਾਂ ਕਿਹਾ, ‘‘ਹਮੇਸ਼ਾ ਦੀ ਤਰ੍ਹਾਂ ਭਾਜਪਾ ਝੂਠ ਦਾ ਸਹਾਰਾ ਲੈ ਰਹੀ ਹੈ। ਉਹ ਮੈਨੂੰ ਚੁੱਪ ਕਰਾਉਣ ਲਈ ਬੇਤਾਬ ਹਨ ਕਿਉਂਕਿ ਉਹ ਸੱਚਾਈ ਨੂੰ ਬਰਦਾਸ਼ਤ ਨਹੀਂ ਕਰ ਸਕਦੇ। ਪਰ ਮੈਂ ਹਮੇਸ਼ਾ ਉਨ੍ਹਾਂ ਕਦਰਾਂ-ਕੀਮਤਾਂ ਲਈ ਬੋਲਾਂਗਾ ਜੋ ਭਾਰਤ ਨੂੰ ਪਰਿਭਾਸ਼ਿਤ ਕਰਦੇ ਹਨ: ਵੰਨ-ਸੁਵੰਨਤਾ ’ਚ ਸਾਡੀ ਏਕਤਾ, ਬਰਾਬਰੀ ਅਤੇ ਪਿਆਰ।’’ ਗਾਂਧੀ ਨੇ ਅਪਣੀਆਂ ਅਮਰੀਕਾ ’ਚ ਦਿਤੀਆਂ ਟਿਪਣੀਆਂ ਦਾ ਇਕ ਛੋਟਾ ਜਿਹਾ ਵੀਡੀਉ ਵੀ ਸਾਂਝਾ ਕੀਤਾ, ਜਿਸ ’ਚ ਉਹ ਇਕ ਸਿੱਖ ਵਿਅਕਤੀ ਦਾ ਜ਼ਿਕਰ ਕਰਦੇ ਹਨ।