
ਓ.ਪੀ.ਡੀ. ’ਚ ਕੰਮ ਕਰਨਾ ਅਜੇ ਵੀ ਬੰਦ, ਕਿਹਾ, ਮੰਗਾਂ ਪੂਰੀਆਂ ਨਾ ਹੋਈਆਂ ਤਾਂ ਸੱਤ ਦਿਨਾਂ ਬਾਅਦ ਕੰਮ ਮੁੜ ਬੰਦ ਹੋਵੇਗਾ
ਕੋਲਕਾਤਾ : ਪਛਮੀ ਬੰਗਾਲ ਦੇ ਵੱਖ-ਵੱਖ ਸਰਕਾਰੀ ਹਸਪਤਾਲਾਂ ਦੇ ਜੂਨੀਅਰ ਡਾਕਟਰਾਂ ਨੇ 42 ਦਿਨਾਂ ਬਾਅਦ ਸਨਿਚਰਵਾਰ ਸਵੇਰੇ ਅੰਸ਼ਕ ਤੌਰ ’ਤੇ ਡਿਊਟੀ ਸ਼ੁਰੂ ਕਰ ਦਿਤੀ। ਆਰ.ਜੀ. ਕਰ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਜੂਨੀਅਰ ਡਾਕਟਰਾਂ ਨੇ ਡਿਊਟੀ ’ਤੇ ਤਾਇਨਾਤ ਇਕ ਮਹਿਲਾ ਡਾਕਟਰ ਨਾਲ ਜਬਰ ਜਨਾਹ ਅਤੇ ਕਤਲ ਦੇ ਵਿਰੋਧ ’ਚ ਕੰਮ ਬੰਦ ਕਰ ਦਿਤਾ ਸੀ।
ਜੂਨੀਅਰ ਡਾਕਟਰਾਂ ਨੇ ਸਾਰੇ ਸਰਕਾਰੀ ਹਸਪਤਾਲਾਂ ’ਚ ਜ਼ਰੂਰੀ ਅਤੇ ਐਮਰਜੈਂਸੀ ਸੇਵਾਵਾਂ ’ਚ ਕੰਮ ਕਰਨਾ ਸ਼ੁਰੂ ਕਰ ਦਿਤਾ ਹੈ, ਪਰ ਉਨ੍ਹਾਂ ਨੇ ਅਜੇ ਤਕ ਬਾਹਰੀ ਮਰੀਜ਼ ਵਿਭਾਗ (ਓ.ਪੀ.ਡੀ.) ’ਚ ਕੰਮ ਸ਼ੁਰੂ ਨਹੀਂ ਕੀਤਾ ਹੈ।
ਪ੍ਰਦਰਸ਼ਨਕਾਰੀ ਡਾਕਟਰਾਂ ਵਿਚੋਂ ਇਕ ਅਨਿਕੇਤ ਮਹਤੋ ਨੇ ਕਿਹਾ, ‘‘ਅਸੀਂ ਅੱਜ ਤੋਂ ਕੰਮ ’ਤੇ ਪਰਤਣਾ ਸ਼ੁਰੂ ਕਰ ਦਿਤਾ ਹੈ। ਸਾਡੇ ਸਾਥੀਆਂ ਨੇ ਅੱਜ ਸਵੇਰ ਤੋਂ ਅਪਣੇ-ਅਪਣੇ ਵਿਭਾਗਾਂ ’ਚ ਸਿਰਫ ਜ਼ਰੂਰੀ ਅਤੇ ਐਮਰਜੈਂਸੀ ਸੇਵਾਵਾਂ ’ਚ ਕੰਮ ’ਤੇ ਪਰਤਣਾ ਸ਼ੁਰੂ ਕਰ ਦਿਤਾ ਹੈ, ਪਰ ਓ.ਪੀ.ਡੀ. ’ਚ ਕੰਮ ਸ਼ੁਰੂ ਨਹੀਂ ਹੋਇਆ ਹੈ। ਕਿਰਪਾ ਕਰ ਕੇ ਇਹ ਨਾ ਭੁੱਲੋ ਕਿ ਡਾਕਟਰ ਸਿਰਫ ਅੰਸ਼ਕ ਤੌਰ ’ਤੇ ਕੰਮ ’ਤੇ ਵਾਪਸ ਆਏ ਹਨ।’’
ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਹੋਰ ਸਾਥੀ ਪਹਿਲਾਂ ਹੀ ਸੂਬੇ ਦੇ ਹੜ੍ਹ ਪ੍ਰਭਾਵਤ ਜ਼ਿਲ੍ਹਿਆਂ ਲਈ ਰਵਾਨਾ ਹੋ ਚੁਕੇ ਹਨ, ਜਿੱਥੇ ਉਹ ਵਿਰੋਧ ਪ੍ਰਦਰਸ਼ਨਾਂ ਦੇ ਬਾਵਜੂਦ ਲੋਕਾਂ ਦੀ ਸਿਹਤ ਪ੍ਰਤੀ ਅਪਣੀ ਵਚਨਬੱਧਤਾ ਵਿਖਾ ਉਣ ਲਈ ‘ਅਭਿਆ ਕਲੀਨਿਕ’ (ਮੈਡੀਕਲ ਕੈਂਪ) ਸ਼ੁਰੂ ਕਰਨਗੇ। ਵੱਖ-ਵੱਖ ਸਰਕਾਰੀ ਹਸਪਤਾਲਾਂ ’ਚ ਐਮਰਜੈਂਸੀ ਸੇਵਾਵਾਂ ਆਮ ਹੋ ਗਈਆਂ ਕਿਉਂਕਿ ਡਾਕਟਰਾਂ ਨੇ ਕੰਮ ਦੁਬਾਰਾ ਸ਼ੁਰੂ ਕਰ ਦਿਤਾ।
ਬਾਂਕੁਰਾ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਇਕ ਮਰੀਜ਼ ਦੀਪਾਂਕਰ ਜਾਨਾ ਨੇ ਕਿਹਾ, ‘‘ਇਹ ਸਾਡੇ ਲਈ ਬਹੁਤ ਰਾਹਤ ਦੀ ਗੱਲ ਹੈ। ਅਸੀਂ ਉਨ੍ਹਾਂ ਦੀਆਂ ਮੰਗਾਂ ਦਾ ਸਮਰਥਨ ਕਰਦੇ ਹਾਂ, ਪਰ ਡਾਕਟਰਾਂ ਨੇ ਕੰਮ ਕਰਨਾ ਬੰਦ ਕਰ ਦਿਤਾ ਹੈ, ਸਾਡੇ ਵਰਗੇ ਨਿਯਮਤ ਮਰੀਜ਼ਾਂ ਲਈ ਪਿਛਲੇ ਇਕ ਮਹੀਨੇ ਤੋਂ ਇਲਾਜ ਕਰਵਾਉਣਾ ਬਹੁਤ ਮੁਸ਼ਕਲ ਸੀ।’’ ਪੂਰਬ ਮੇਦਿਨੀਪੁਰ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਤ ਪੰਸਕੁਰਾ ’ਚ ‘ਅਭਿਆ ਕਲੀਨਿਕ’ ’ਚ ਮਰੀਜ਼ਾਂ ਦੀ ਭੀੜ ਵੇਖਣ ਨੂੰ ਮਿਲੀ।
ਇਕ ਕਲੀਨਿਕ ’ਚ ਕੰਮ ਕਰਨ ਵਾਲੀ ਜੂਨੀਅਰ ਡਾਕਟਰ ਅਹੇਲੀ ਚੌਧਰੀ ਨੇ ਕਿਹਾ, ‘‘ਸਾਨੂੰ ਇਨ੍ਹਾਂ ਕਲੀਨਿਕਾਂ ’ਚ ਬਹੁਤ ਵਧੀਆ ਹੁੰਗਾਰਾ ਮਿਲਿਆ ਹੈ। ਬਹੁਤ ਸਾਰੇ ਲੋਕ ਕਲੀਨਿਕ ’ਚ ਆਏ ਹਨ। ਅਸੀਂ 24 ਘੰਟੇ ਸੇਵਾ ਕਰਨ ਲਈ ਤਿਆਰ ਹਾਂ... ਇਹ ਸਾਡੀ ਵਚਨਬੱਧਤਾ ਹੈ।’’ ਪ੍ਰਦਰਸ਼ਨਕਾਰੀ ਡਾਕਟਰਾਂ ਨੇ ਕਿਹਾ ਕਿ ਉਹ ਪ੍ਰਸ਼ਾਸਨ ਤੋਂ ਇਨਸਾਫ ਅਤੇ ਸੂਬੇ ਦੇ ਸਿਹਤ ਸਕੱਤਰ ਨੂੰ ਹਟਾਉਣ ਦੀਆਂ ਅਪਣੀਆਂ ਮੰਗਾਂ ਨੂੰ ਪੂਰਾ ਕਰਨ ਲਈ ਅਗਲੇ ਸੱਤ ਦਿਨਾਂ ਤਕ ਉਡੀਕ ਕਰਨਗੇ, ਨਹੀਂ ਤਾਂ ਉਹ ਦੁਬਾਰਾ ਕੰਮ ਬੰਦ ਕਰ ਦੇਣਗੇ।
ਮਹਿਲਾ ਡਾਕਟਰ ਦੀ ਲਾਸ਼ 9 ਅਗੱਸਤ ਨੂੰ ਆਰ.ਜੀ. ਕਰ ਮੈਡੀਕਲ ਕਾਲਜ ਅਤੇ ਹਸਪਤਾਲ ’ਚ ਮਿਲੀ ਸੀ। ਉਦੋਂ ਤੋਂ ਡਾਕਟਰ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਦੀ ਮੰਗ ਹੈ ਕਿ ਇਸ ਘਟਨਾ ’ਚ ਜਾਨ ਗੁਆਉਣ ਵਾਲੀ ਮਹਿਲਾ ਡਾਕਟਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ। ਉਨ੍ਹਾਂ ਨੇ ਇਸ ਮਾਮਲੇ ਵਿਚ ਉਨ੍ਹਾਂ ਦੀ ਸ਼ਮੂਲੀਅਤ ਦਾ ਦੋਸ਼ ਲਗਾਉਂਦੇ ਹੋਏ ਪ੍ਰਮੁੱਖ ਅਧਿਕਾਰੀਆਂ ਨੂੰ ਉਨ੍ਹਾਂ ਦੇ ਅਹੁਦਿਆਂ ਤੋਂ ਹਟਾਉਣ ਦੀ ਵੀ ਮੰਗ ਕੀਤੀ ਹੈ।
ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਮਾਮਲੇ ਦੀ ਜਾਂਚ ਦੇ ਸਿਲਸਿਲੇ ’ਚ ਆਰ.ਜੀ. ਕਰ ਹਸਪਤਾਲ ਦੇ ਸਾਬਕਾ ਪ੍ਰਿੰਸੀਪਲ ਸਮੇਤ ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।