Coaching Center: ਬੈਂਚ ਨੇ ਕਿਹਾ ਕਿ ਜੇਕਰ ਲੋੜ ਪਈ ਤਾਂ ਅਸੀਂ ਪੁਰਾਣੇ ਰਾਜੇਂਦਰ ਨਗਰ ਵਰਗੀਆਂ ਘਟਨਾਵਾਂ ਨੂੰ ਰੋਕਣ ਲਈ ਦੇਸ਼ ਭਰ ਵਿਚ ਨਿਰਦੇਸ਼ ਜਾਰੀ ਕਰਾਂਗੇ
Coaching Center: ਸੁਪਰੀਮ ਕੋਰਟ ਨੇ ਦਿੱਲੀ ਵਿਚ ਇਕ ਕੋਚਿੰਗ ਸੈਂਟਰ ਦੀ ਬੇਸਮੈਂਟ ਵਿਚ ਪਾਣੀ ਭਰ ਜਾਣ ਕਾਰਨ ਆਈਏਐਸ ਪ੍ਰੀਖਿਆ ਦੀ ਤਿਆਰੀ ਕਰ ਰਹੇ ਤਿੰਨ ਉਮੀਦਵਾਰਾਂ ਦੀ ਮੌਤ ਦੀ ਘਟਨਾ ਦੀ ਜਾਂਚ ਕਰ ਰਹੀ ਕਮੇਟੀ ਨੂੰ ਅੰਤਰਮ ਉਪਾਵਾਂ ਬਾਰੇ ਚਾਰ ਹਫ਼ਤਿਆਂ ਦੇ ਅੰਦਰ ਰਿਪੋਰਟ ਸੌਂਪਣ ਲਈ ਕਿਹਾ ਹੈ। ਦਿੱਲੀ ਦੇ ਕੋਚਿੰਗ ਸੈਂਟਰ ਵਿਚ ਵਾਪਰੀ ਘਟਨਾ ਦੀ ਜਾਂਚ ਲਈ ਕੇਂਦਰ ਸਰਕਾਰ ਨੇ ਇਹ ਕਮੇਟੀ ਬਣਾਈ ਹੈ। ਅਦਾਲਤ ਨੇ ਕਿਹਾ ਕਿ ਪੁਰਾਣੀ ਰਾਜੇਂਦਰ ਨਗਰ ਵਿਚ ਵਾਪਰੀ ਅਜਿਹੀ ਘਟਨਾ ਨੂੰ ਮੁੜ ਤੋਂ ਰੋਕਣ ਲਈ ਪੂਰੇ ਰਾਸ਼ਟਰੀ ਰਾਜਧਾਨੀ ਖੇਤਰ ਵਿਚ ਅਜਿਹੀ ਪਹਿਲ ਕੀਤੀ ਜਾਣੀ ਚਾਹੀਦੀ ਹੈ।
ਬੈਂਚ ਨੇ ਕਿਹਾ ਕਿ ਜੇਕਰ ਲੋੜ ਪਈ ਤਾਂ ਅਸੀਂ ਪੁਰਾਣੇ ਰਾਜੇਂਦਰ ਨਗਰ ਵਰਗੀਆਂ ਘਟਨਾਵਾਂ ਨੂੰ ਰੋਕਣ ਲਈ ਦੇਸ਼ ਭਰ ਵਿਚ ਨਿਰਦੇਸ਼ ਜਾਰੀ ਕਰਾਂਗੇ। ਭਾਰੀ ਮੀਂਹ ਕਾਰਨ ਪੁਰਾਣੇ ਰਾਜਿੰਦਰ ਨਗਰ ਸਥਿਤ ਰਾਓ ਆਈਏਐਸ ਸਟੱਡੀ ਸਰਕਲ ਦੀ ਬੇਸਮੈਂਟ ਵਿਚ ਸਥਿਤ ਲਾਇਬ੍ਰੇਰੀ ਵਿਚ ਪਾਣੀ ਭਰ ਗਿਆ ਸੀ, ਜਿਸ ਕਾਰਨ ਸਿਵਲ ਸੇਵਾਵਾਂ ਦੀ ਪ੍ਰੀਖਿਆ ਦੀ ਤਿਆਰੀ ਕਰ ਰਹੇ ਤਿੰਨ ਉਮੀਦਵਾਰਾਂ ਦੀ ਡੁੱਬਣ ਕਾਰਨ ਮੌਤ ਹੋ ਗਈ ਸੀ।
ਸਿਖਰਲੀ ਅਦਾਲਤ ਨੇ ਦਿੱਲੀ ਹਾਈ ਕੋਰਟ ਦੇ ਦਸੰਬਰ 2023 ਦੇ ਆਦੇਸ਼ ਨੂੰ ਚੁਣੌਤੀ ਦੇਣ ਵਾਲੀ ਕੋਚਿੰਗ ਸੈਂਟਰਾਂ ਦੀ ਇਕ ਐਸੋਸੀਏਸ਼ਨ ਦੁਆਰਾ ਦਾਇਰ ਪਟੀਸ਼ਨ ਦੀ ਸੁਣਵਾਈ ਕਰਦੇ ਹੋਏ ਇਸ ਮਾਮਲੇ ਦਾ ਨੋਟਿਸ ਲਿਆ। ਉਕਤ ਆਦੇਸ਼ ਵਿਚ, ਦਿੱਲੀ ਫ਼ਾਇਰ ਸਰਵਿਸਿਜ਼ ਅਤੇ ਸਿਵਲ ਬਾਡੀ ਨੂੰ ਸਾਰੇ ਕੋਚਿੰਗ ਸੈਂਟਰਾਂ ਦੀ ਜਾਂਚ ਕਰਨ ਲਈ ਇਹ ਪਤਾ ਲਗਾਉਣ ਲਈ ਕਿਹਾ ਗਿਆ ਸੀ ਕਿ ਕੀ ਉਹ ਅੱਗ ਸੁਰੱਖਿਆ ਨਿਯਮਾਂ ਦੀ ਪਾਲਣਾ ਕਰ ਰਹੇ ਹਨ ਜਾਂ ਨਹੀਂ।
ਪਟੀਸ਼ਨ ਨੂੰ ਗੰਭੀਰਤਾ ਦੀ ਘਾਟ ਦਸਦੇ ਹੋਏ ਸੁਪਰੀਮ ਕੋਰਟ ਨੇ ਅਪੀਲ ਰੱਦ ਕਰ ਦਿਤੀ ਅਤੇ ਐਸੋਸੀਏਸ਼ਨ ’ਤੇ 1 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਅਤੇ ਕਿਹਾ ਕਿ ਕਿਸੇ ਵੀ ਕੋਚਿੰਗ ਸੈਂਟਰ ਨੂੰ ਉਦੋਂ ਤਕ ਚਲਾਉਣ ਦੀ ਇਜਾਜ਼ਤ ਨਹੀਂ ਦਿਤੀ ਜਾਣੀ ਚਾਹੀਦੀ ਜਦੋਂ ਤਕ ਅੱਗ ਸੁਰੱਖਿਆ ਨਿਯਮਾਂ ਅਤੇ ਹੋਰ ਲੋੜਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ।