
68 ਲੋਕ ਜ਼ਖਮੀ
ਬੇਰੂਤ : ਲੇਬਨਾਨ ਦੀ ਰਾਜਧਾਨੀ ਬੇਰੂਤ ਦੇ ਉਪਨਗਰ ’ਚ ਸ਼ੁਕਰਵਾਰ ਨੂੰ ਹੋਏ ਹਵਾਈ ਹਮਲੇ ’ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 31 ਹੋ ਗਈ ਹੈ, ਜਿਨ੍ਹਾਂ ’ਚ 7 ਔਰਤਾਂ ਅਤੇ 3 ਬੱਚੇ ਸ਼ਾਮਲ ਹਨ। ਦੇਸ਼ ਦੇ ਸਿਹਤ ਮੰਤਰੀ ਫਿਰਾਸ ਅਬੀਆਦ ਨੇ ਸਨਿਚਰਵਾਰ ਨੂੰ ਇਹ ਜਾਣਕਾਰੀ ਦਿਤੀ। ਅਬੀਆਦ ਨੇ ਇੱਥੇ ਪੱਤਰਕਾਰਾਂ ਨੂੰ ਦਸਿਆ ਕਿ ਇਸ ਹਮਲੇ ’ਚ 68 ਲੋਕ ਜ਼ਖਮੀ ਵੀ ਹੋਏ ਹਨ, ਜਿਨ੍ਹਾਂ ’ਚੋਂ 15 ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਇਹ 2006 ਦੇ ਇਜ਼ਰਾਈਲ-ਹਿਜ਼ਬੁੱਲਾ ਜੰਗ ਤੋਂ ਬਾਅਦ ਇਜ਼ਰਾਈਲ ਦਾ ਸੱਭ ਤੋਂ ਘਾਤਕ ਹਵਾਈ ਹਮਲਾ ਸੀ।
ਹਮਲੇ ਵਿਚ ਮਾਰੇ ਗਏ ਲੋਕਾਂ ਵਿਚ ਹਿਜ਼ਬੁੱਲਾ ਕਮਾਂਡਰ ਇਬਰਾਹਿਮ ਅਕੀਲ ਅਤੇ ਅਤਿਵਾਦੀ ਸਮੂਹ ਦੇ ਲਗਭਗ ਇਕ ਦਰਜਨ ਮੈਂਬਰ ਸ਼ਾਮਲ ਹਨ। ਹਮਲੇ ਦੇ ਸਮੇਂ ਉਹ ਇਕ ਇਮਾਰਤ ਦੇ ਬੇਸਮੈਂਟ ਵਿਚ ਬੈਠਕ ਕਰ ਰਹੇ ਸਨ। ਇਸ ਹਮਲੇ ’ਚ ਇਮਾਰਤ ਵੀ ਤਬਾਹ ਹੋ ਗਈ। ਅਕੀਲ ਹਿਜ਼ਬੁੱਲਾ ਦੀ ਰਾਦਵਾਨ ਫੋਰਸ ਦਾ ਇੰਚਾਰਜ ਸੀ।
ਅਬਯਾਦ ਨੇ ਦਸਿਆ ਕਿ ਹਮਲੇ ’ਚ ਤਿੰਨ ਸੀਰੀਆਈ ਨਾਗਰਿਕ ਵੀ ਮਾਰੇ ਗਏ। ਇਜ਼ਰਾਈਲ ਦੀ ਫੌਜ ਨੇ ਸ਼ੁਕਰਵਾਰ ਨੂੰ ਕਿਹਾ ਸੀ ਕਿ ਹਮਲੇ ’ਚ ਅਕੀਲ ਸਮੇਤ ਹਿਜ਼ਬੁੱਲਾ ਦੇ 11 ਮੈਂਬਰ ਮਾਰੇ ਗਏ ਹਨ। ਇਜ਼ਰਾਈਲ ਨੇ ਸ਼ੁਕਰਵਾਰ ਦੁਪਹਿਰ ਨੂੰ ਸੰਘਣੀ ਆਬਾਦੀ ਵਾਲੇ ਦਖਣੀ ਬੇਰੂਤ ’ਤੇ ਇਕ ਦੁਰਲੱਭ ਹਵਾਈ ਹਮਲਾ ਕੀਤਾ ਜਦੋਂ ਲੋਕ ਕੰਮ ਤੋਂ ਘਰ ਪਰਤ ਰਹੇ ਸਨ ਅਤੇ ਵਿਦਿਆਰਥੀ ਸਕੂਲ ਤੋਂ ਵਾਪਸ ਆ ਰਹੇ ਸਨ।
ਸਨਿਚਰਵਾਰ ਸਵੇਰੇ ਹਿਜ਼ਬੁੱਲਾ ਦੇ ਮੀਡੀਆ ਦਫਤਰ ਨੇ ਪੱਤਰਕਾਰਾਂ ਨੂੰ ਹਮਲੇ ਵਾਲੀ ਥਾਂ ’ਤੇ ਪਹੁੰਚਾਇਆ, ਜਿੱਥੇ ਲੋਕ ਮਲਬੇ ਨੂੰ ਸਾਫ਼ ਕਰ ਰਹੇ ਸਨ। ਲੇਬਨਾਨ ਦੇ ਫ਼ੌਜੀਆਂ ਨੇ ਇਲਾਕੇ ਦੀ ਘੇਰਾਬੰਦੀ ਕਰ ਦਿਤੀ ਹੈ ਅਤੇ ਲੋਕਾਂ ਨੂੰ ਹਮਲੇ ਵਿਚ ਤਬਾਹ ਹੋਈ ਇਮਾਰਤ ਤਕ ਪਹੁੰਚਣ ਤੋਂ ਰੋਕ ਰਹੇ ਹਨ। ਸ਼ੁਕਰਵਾਰ ਨੂੰ ਇਹ ਘਾਤਕ ਹਮਲਾ ਹਿਜ਼ਬੁੱਲਾ ਵਲੋਂ ਇਜ਼ਰਾਈਲ ਦੇ ਉੱਤਰੀ ਹਿੱਸੇ ’ਤੇ ਬੰਬਾਰੀ ਕਰਨ ਅਤੇ ਇਜ਼ਰਾਇਲੀ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੇ ਕੁੱਝ ਘੰਟਿਆਂ ਬਾਅਦ ਹੋਇਆ ਹੈ।