
ਰਾਹੁਲ ਗਾਂਧੀ ਵਿਰੁਧ ਦਾਇਰ ਕੇਸ ਦੀ ਸੁਣਵਾਈ ਐਮ.ਪੀ.-ਐਮ.ਐਲ.ਏ. ਅਦਾਲਤ ’ਚ ਮੁਲਤਵੀ
ਸੁਲਤਾਨਪੁਰ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਕਥਿਤ ਤੌਰ ’ਤੇ ਬਦਨਾਮ ਕਰਨ ਦੇ ਦੋਸ਼ ’ਚ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵਿਰੁਧ ਦਾਇਰ ਕੇਸ ਦੀ ਸੁਣਵਾਈ ਸਨਿਚਰਵਾਰ ਨੂੰ ਇੱਥੇ ਐਮ.ਪੀ.-ਐਮ.ਐਲ.ਏ. ਅਦਾਲਤ ’ਚ ਮੁਲਤਵੀ ਕਰ ਦਿਤੀ ਗਈ।
ਪਟੀਸ਼ਨਕਰਤਾ ਵਿਜੇ ਮਿਸ਼ਰਾ ਵਲੋਂ ਪੇਸ਼ ਹੋਏ ਵਕੀਲ ਸੰਤੋਸ਼ ਕੁਮਾਰ ਪਾਂਡੇ ਨੇ ਕਿਹਾ ਕਿ ਉਪਰੋਕਤ ਮਾਮਲੇ ’ਚ ਸ਼ਿਕਾਇਤਕਰਤਾ ਦਾ ਬਿਆਨ ਸਨਿਚਰਵਾਰ ਨੂੰ ਦਰਜ ਕੀਤਾ ਜਾਣਾ ਸੀ ਪਰ ਬਾਰ ਐਸੋਸੀਏਸ਼ਨ ਵਲੋਂ ਸਨਿਚਰਵਾਰ ਨੂੰ ਅਦਾਲਤ ’ਚ ਲਗਾਏ ਗਏ ਸਿਹਤ ਕੈਂਪ ਕਾਰਨ ਸਾਰੇ ਵਕੀਲ ਇਸ ’ਚ ਰੁੱਝੇ ਹੋਏ ਸਨ, ਜਿਸ ਕਾਰਨ ਅਦਾਲਤ ’ਚ ਕੋਈ ਕੰਮ ਨਹੀਂ ਹੋ ਸਕਿਆ। ਅਦਾਲਤ ਨੇ ਮਾਮਲੇ ਦੀ ਸੁਣਵਾਈ 1 ਅਕਤੂਬਰ ਤਕ ਮੁਲਤਵੀ ਕਰ ਦਿਤੀ ਹੈ।
ਸੁਲਤਾਨਪੁਰ ਜ਼ਿਲ੍ਹੇ ਦੇ ਭਾਜਪਾ ਨੇਤਾ ਵਿਜੇ ਮਿਸ਼ਰਾ ਨੇ 2018 ਦੀਆਂ ਕਰਨਾਟਕ ਵਿਧਾਨ ਸਭਾ ਚੋਣਾਂ ਦੌਰਾਨ ਰਾਹੁਲ ਗਾਂਧੀ ਵਿਰੁਧ ਕਥਿਤ ਤੌਰ ’ਤੇ ਇਤਰਾਜ਼ਯੋਗ ਟਿਪਣੀ ਕਰਨ ਲਈ ਅਗੱਸਤ 2018 ’ਚ ਅਦਾਲਤ ’ਚ ਕੇਸ ਦਾਇਰ ਕੀਤਾ ਸੀ।
ਰਾਹੁਲ ਨੇ 20 ਫ਼ਰਵਰੀ 2024 ਨੂੰ ਭਾਰਤ ਜੋੜੋ ਨਿਆਂ ਯਾਤਰਾ ਦੌਰਾਨ ਅਦਾਲਤ ਪਹੁੰਚਣ ਤੋਂ ਬਾਅਦ ਆਤਮ ਸਮਰਪਣ ਕਰ ਦਿਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ 25-25 ਹਜ਼ਾਰ ਰੁਪਏ ਦੇ ਨਿੱਜੀ ਮੁਚਲਕੇ ’ਤੇ ਜ਼ਮਾਨਤ ਮਿਲ ਗਈ ਸੀ।