
ਮੌਜੂਦਾ ਜੀ.ਐਸ.ਟੀ. ਸੁਧਾਰ ਨਾਕਾਫੀ ਹਨ: ਜੈਰਾਮ ਰਮੇਸ਼
ਨਵੀਂ ਦਿੱਲੀ: ਕਾਂਗਰਸ ਨੇ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਤੇ ਜੀ.ਐਸ.ਟੀ. ਪ੍ਰਣਾਲੀ ’ਚ ਕੀਤੀਆਂ ਸੋਧਾਂ ਲਈ ਸਿਰਫ਼ ਆਪਣੀ ਸ਼ਲਾਘਾ ਕਰਨ ਦਾ ਦੋਸ਼ ਲਾਇਆ। ਪਾਰਟੀ ਨੇ ਕਿਹਾ ਕਿ ਮੌਜੂਦਾ ਸੁਧਾਰ ਨਾਕਾਫ਼ੀ ਹਨ ਅਤੇ ਮੁਆਵਜ਼ੇ ਨੂੰ ਹੋਰ ਪੰਜ ਸਾਲਾਂ ਲਈ ਵਧਾਉਣ ਦੀ ਸੂਬਿਆਂ ਦੀ ਮੰਗ ਦਾ ਕੋਈ ਹੱਲ ਨਹੀਂ ਕੀਤਾ ਗਿਆ ਹੈ।
ਕਾਂਗਰਸ ਦੇ ਜਨਰਲ ਸਕੱਤਰ ਅਤੇ ਸੰਚਾਰ ਇੰਚਾਰਜ ਜੈਰਾਮ ਰਮੇਸ਼ ਨੇ ਕਿਹਾ ਕਿ ਕਾਂਗਰਸ ਲੰਮੇ ਸਮੇਂ ਤੋਂ ਦਲੀਲ ਦਿੰਦੀ ਆ ਰਹੀ ਹੈ ਕਿ ਵਸਤੂ ਅਤੇ ਸੇਵਾ ਟੈਕਸ ‘ਵਿਕਾਸ ਨੂੰ ਦਬਾਉਣ ਵਾਲਾ ਟੈਕਸ’ ਰਿਹਾ ਹੈ। ਰਮੇਸ਼ ਨੇ ‘ਐਕਸ’ ਉਤੇ ਇਕ ਪੋਸਟ ਵਿਚ ਕਿਹਾ, ‘‘ਇਹ ਵੱਡੀ ਗਿਣਤੀ ਵਿਚ ਟੈਕਸ ਬਰੈਕਟ, ਵੱਡੇ ਪੱਧਰ ਉੱਤੇ ਖਪਤ ਵਾਲੀਆਂ ਚੀਜ਼ਾਂ ਲਈ ਦੰਡਾਤਮਕ ਟੈਕਸ ਦਰਾਂ, ਵੱਡੇ ਪੱਧਰ ਉੱਤੇ ਚੋਰੀ ਅਤੇ ਗਲਤ ਵਰਗੀਕਰਣ, ਮਹਿੰਗੇ ਪਾਲਣਾ ਬੋਝ ਅਤੇ ਇਕ ਉਲਟਾ ਡਿਊਟੀ ਢਾਂਚਾ (ਇਨਪੁਟ ਦੇ ਮੁਕਾਬਲੇ ਆਉਟਪੁੱਟ ਉਤੇ ਘੱਟ ਟੈਕਸ) ਨਾਲ ਜੂਝ ਰਿਹਾ ਹੈ।’’ ਉਨ੍ਹਾਂ ਕਿਹਾ, ‘‘ਅਸੀਂ ਜੁਲਾਈ 2017 ਤੋਂ ਹੀ ਜੀਐਸਟੀ 2.0 ਦੀ ਮੰਗ ਕਰ ਰਹੇ ਹਾਂ। ਇਹ 2024 ਦੀਆਂ ਲੋਕ ਸਭਾ ਚੋਣਾਂ ਲਈ ਸਾਡੇ ‘ਨਿਆਂ ਪੱਤਰ’ ਵਿਚ ਕੀਤਾ ਗਿਆ ਇਕ ਮਹੱਤਵਪੂਰਨ ਸੰਕਲਪ ਸੀ।’’
ਰਮੇਸ਼ ਨੇ ਕਿਹਾ ਕਿ ਮੌਜੂਦਾ ਜੀ.ਐਸ.ਟੀ. ਸੁਧਾਰ ਨਾਕਾਫੀ ਹਨ, ਜਿਨ੍ਹਾਂ ਵਿਚ ਐਮ.ਐਸ.ਐਮ.ਈ. ਦੀਆਂ ਵਿਆਪਕ ਚਿੰਤਾਵਾਂ ਸ਼ਾਮਲ ਹਨ, ਜੋ ਅਰਥਚਾਰੇ ਵਿਚ ਰੁਜ਼ਗਾਰ ਪੈਦਾ ਕਰਨ ਵਾਲੇ ਪ੍ਰਮੁੱਖ ਹਨ।