
ਪਤੀ ਨੇ ਪ੍ਰੇਮਿਕਾ ਨਾਲ ਮਿਲ ਕੇ ਕੀਤਾ ਸੀ ਜੋਤੀ ਦਾ ਕਤਲ
ਕਾਨਪੁਰ - ਕਾਨਪੁਰ 'ਚ 27 ਜੁਲਾਈ 2014 ਨੂੰ ਹੋਏ ਜੋਤੀ ਕਤਲ ਮਾਮਲੇ 'ਚ ਅਦਾਲਤ ਨੇ ਸ਼ੁੱਕਰਵਾਰ ਨੂੰ ਆਪਣਾ ਫ਼ੈਸਲਾ ਸੁਣਾਇਆ। ਏਡੀਜੇ-1 ਅਜੈ ਕੁਮਾਰ ਤ੍ਰਿਪਾਠੀ ਨੇ ਸਾਰੇ 6 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਸਜ਼ਾ ਸੁਣਾਏ ਜਾਣ ਦੌਰਾਨ ਸਾਰੇ ਦੋਸ਼ੀ ਕੋਰਟ ਰੂਮ 'ਚ ਹੀ ਰੋਣ ਲੱਗੇ। ਉਹਨਾਂ ਨੇ ਹੱਥ ਜੋੜ ਕੇ ਸਜ਼ਾ ਘਟਾਉਣ ਦੀ ਅਪੀਲ ਕੀਤੀ।
6 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਨ੍ਹਾਂ ਵਿਚ ਜੋਤੀ ਦਾ ਪਤੀ ਪੀਯੂਸ਼ ਸ਼ਿਆਮਦਾਸਾਨੀ, ਉਸ ਦੀ ਪ੍ਰੇਮਿਕਾ ਮਨੀਸ਼ਾ ਮਖੀਜਾ, ਮਨੀਸ਼ਾ ਦਾ ਡਰਾਈਵਰ ਅਵਧੇਸ਼ ਚਤੁਰਵੇਦੀ ਅਤੇ ਸੁਪਾਰੀ ਲੈ ਕੇ ਮਾਰਨ ਵਾਲੇ ਆਸ਼ੀਸ਼, ਸੋਨੂੰ ਅਤੇ ਰੇਣੂ ਸ਼ਾਮਲ ਹਨ। ਵੀਰਵਾਰ ਨੂੰ ਅਦਾਲਤ ਨੇ ਇਨ੍ਹਾਂ 6 ਦੋਸ਼ੀਆਂ ਨੂੰ ਦੋਸ਼ੀ ਕਰਾਰ ਦਿੱਤਾ ਸੀ। ਜਦਕਿ ਪੀਯੂਸ਼ ਦੀ ਮਾਂ ਅਤੇ ਉਸ ਦੇ ਦੋ ਭਰਾਵਾਂ ਮੁਕੇਸ਼ ਅਤੇ ਕਮਲੇਸ਼ ਨੂੰ ਬਰੀ ਕਰ ਦਿੱਤਾ ਗਿਆ। ਮਾਮਲੇ 'ਚ ਮਨੀਸ਼ਾ ਮਨੀਖਾ ਦੇ ਵਕੀਲ ਨੇ ਕਿਹਾ ਕਿ ਉਹ ਸਜ਼ਾ ਦੇ ਖਿਲਾਫ਼ ਹਾਈਕੋਰਟ 'ਚ ਜਾਣਗੇ।
ਕਿਉਂਕਿ, ਇਸ ਪੂਰੇ ਮਾਮਲੇ ਵਿਚ ਮੇਰੇ ਮੁਵੱਕਿਲ ਨਾਲ ਕੋਈ ਸਿੱਧਾ ਸਬੰਧ ਨਹੀਂ ਸੀ। ਵਧੀਕ ਜ਼ਿਲ੍ਹਾ ਜੱਜ ਅਜੈ ਕੁਮਾਰ ਤ੍ਰਿਪਾਠੀ ਦੀ ਅਦਾਲਤ ਵਿਚ ਸ਼ੁੱਕਰਵਾਰ ਦੁਪਹਿਰ ਕਰੀਬ 12 ਵਜੇ ਇਸਤਗਾਸਾ ਅਤੇ ਬਚਾਅ ਪੱਖ ਦੇ ਵਕੀਲ ਅਦਾਲਤ ਵਿਚ ਪੁੱਜੇ। ਸਜ਼ਾ ਦੇ ਨੁਕਤੇ 'ਤੇ ਪਹਿਲਾਂ ਬਚਾਅ ਪੱਖ ਨੇ ਘੱਟ ਤੋਂ ਘੱਟ ਸਜ਼ਾ ਦੀ ਮੰਗ ਕੀਤੀ। ਅਦਾਲਤ ਨੇ ਦੋਵਾਂ ਪੱਖਾਂ ਨੂੰ ਸੁਣਨ ਤੋਂ ਬਾਅਦ ਫੈਸਲਾ ਸੁਣਾਉਣ ਲਈ ਮੁਲਜ਼ਮਾਂ ਨੂੰ ਜੇਲ੍ਹ ਤੋਂ ਤਲਬ ਕਰ ਲਿਆ। ਦੁਪਹਿਰ ਕਰੀਬ 1:22 ਵਜੇ ਮਨੀਸ਼ਾ ਨੂੰ ਸਖ਼ਤ ਸੁਰੱਖਿਆ ਹੇਠ ਅਦਾਲਤ ਵਿਚ ਲਿਆਂਦਾ ਗਿਆ। ਇਸ ਤੋਂ ਬਾਅਦ ਇਕ-ਇਕ ਕਰਕੇ ਹੋਰ ਦੋਸ਼ੀਆਂ ਨੂੰ ਲਿਆਂਦਾ ਗਿਆ। ਅਦਾਲਤ ਨੇ ਸਾਰਿਆਂ ਦੀ ਹਾਜ਼ਰੀ ਤੋਂ ਬਾਅਦ ਸਜ਼ਾ ਸੁਣਾਈ।
ਡੀਜੀਸੀ ਕ੍ਰਿਮੀਨਲ ਦਲੀਪ ਅਵਸਥੀ ਨੇ ਕਿਹਾ ਕਿ ਸਾਰੇ ਕਤਲ, ਸਬੂਤ ਨਸ਼ਟ ਕਰਨ ਅਤੇ ਸਾਜ਼ਿਸ਼ ਰਚਣ ਦੇ ਦੋਸ਼ੀ ਪਾਏ ਗਏ ਹਨ। ਮੁਲਜ਼ਮ ਰੇਣੂ ਅਤੇ ਸੋਨੂੰ ਕੋਲੋਂ ਚਾਕੂ ਬਰਾਮਦ ਹੋਇਆ, ਇਸ ਲਈ ਦੋਵਾਂ ਨੂੰ ਆਰਮਜ਼ ਐਕਟ ਤਹਿਤ ਵੀ ਦੋਸ਼ੀ ਠਹਿਰਾਇਆ ਗਿਆ। ਪੀਯੂਸ਼ ਦੀ ਮਾਂ ਪੂਨਮ ਭਾਈ ਕਮਲੇਸ਼ ਅਤੇ ਮੁਕੇਸ਼ ਸ਼ਿਆਮਦਾਸਾਨੀ 'ਤੇ ਆਈਪੀਸੀ ਦੀ ਧਾਰਾ 202 ਦੇ ਤਹਿਤ ਘਟਨਾ ਬਾਰੇ ਪੁਲਿਸ ਨੂੰ ਸੂਚਿਤ ਨਾ ਕਰਨ ਦਾ ਦੋਸ਼ ਲਗਾਇਆ ਗਿਆ ਸੀ, ਪਰ ਅਦਾਲਤ ਨੇ ਸਬੂਤਾਂ ਦੀ ਘਾਟ ਕਾਰਨ ਤਿੰਨਾਂ ਨੂੰ ਬਰੀ ਕਰ ਦਿੱਤਾ।
ਜੋਤੀ ਦੇ ਪਿਤਾ ਸ਼ੰਕਰ ਨਾਗਦੇਵ ਦੋਸ਼ੀਆਂ ਨੂੰ ਮਿਲੀ ਸਜ਼ਾ ਤੋਂ ਸੰਤੁਸ਼ਟ ਹਨ। ਇਸ ਸਵਾਲ 'ਤੇ ਕਿ ਕੀ ਦੋਸ਼ੀਆਂ ਨੂੰ ਸਜ਼ਾ ਦੇ ਖਿਲਾਫ਼ ਹਾਈ ਕੋਰਟ 'ਚ ਅਪੀਲ ਕਰਨੀ ਚਾਹੀਦੀ ਹੈ ਤਾਂ ਉਨ੍ਹਾਂ ਕਿਹਾ ਕਿ "ਮੈਂ ਆਪਣੀ ਬੇਟੀ ਲਈ ਆਖਰੀ ਸਾਹ ਤੱਕ ਲੜਾਂਗਾ। ਚਾਹੇ ਉਹ ਕਿਸੇ ਵੀ ਅਦਾਲਤ 'ਚ ਹੋਵੇ।" ਸ਼ੁੱਕਰਵਾਰ ਨੂੰ ਸਜ਼ਾ 'ਤੇ ਬਹਿਸ ਦੌਰਾਨ ਦੋਸ਼ੀ ਧਿਰ ਦੇ ਵਕੀਲ ਨੇ ਸਜ਼ਾ ਘਟਾਉਣ ਦੀ ਅਪੀਲ ਕੀਤੀ। ਜਦਕਿ ਜੋਤੀ ਦੇ ਪੱਖ ਦੇ ਵਕੀਲ ਨੇ ਫਾਂਸੀ ਦੀ ਮੰਗ ਕੀਤੀ ਹੈ।