
500 ਕਰੋੜ ਦੀਆਂ 39 ਜਾਇਦਾਦਾਂ ਕੁਰਕ ਕਰੇਗੀ ED, PNB ਨੂੰ ਮਿਲੀਆਂ 424 ਕਰੋੜ ਦੀਆਂ 9 ਜਾਇਦਾਦਾਂ
ਨਵੀਂ ਦਿੱਲੀ : ਮੁੰਬਈ ਦੀ ਵਿਸ਼ੇਸ਼ ਪੀਐਮਐਲਏ (ਪ੍ਰੀਵੈਨਸ਼ਨ ਆਫ ਮਨੀ ਲਾਂਡਰਿੰਗ ਐਕਟ) ਅਦਾਲਤ ਨੇ ਭਗੌੜੇ ਹੀਰਾ ਵਪਾਰੀ ਨੀਰਵ ਮੋਦੀ ਦੀ 924 ਕਰੋੜ ਰੁਪਏ ਦੀ ਜਾਇਦਾਦ ਬਾਰੇ ਫ਼ੈਸਲਾ ਸੁਣਾਇਆ ਹੈ। ਅਦਾਲਤ ਨੇ ਈਡੀ ਨੂੰ ਨੀਰਵ ਮੋਦੀ ਦੀਆਂ 500 ਕਰੋੜ ਰੁਪਏ ਦੀਆਂ 39 ਜਾਇਦਾਦਾਂ ਕੁਰਕ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ।
ਇਸ ਦੇ ਨਾਲ ਹੀ ਪੰਜਾਬ ਨੈਸ਼ਨਲ ਬੈਂਕ (PNB) ਨੂੰ ਨੀਰਵ ਮੋਦੀ ਅਤੇ ਉਸ ਦੀਆਂ ਕੰਪਨੀਆਂ ਦੀਆਂ 9 ਜਾਇਦਾਦਾਂ ਦਾ ਅਧਿਕਾਰ ਦਿੱਤਾ ਗਿਆ ਹੈ। ਇਹ 424 ਕਰੋੜ ਰੁਪਏ ਦੀਆਂ ਜਾਇਦਾਦਾਂ ਬੈਂਕ ਕੋਲ ਗਿਰਵੀ ਰੱਖੀਆਂ ਹੋਈਆਂ ਸਨ। ਬੈਂਕ ਨੇ ਇਨ੍ਹਾਂ ਦਾ ਦਾਅਵਾ ਕਰਦੇ ਹੋਏ ਅਦਾਲਤ 'ਚ ਪਟੀਸ਼ਨ ਦਾਇਰ ਕੀਤੀ ਸੀ। ਇਸ ਵਿੱਚ ਨਿਊਯਾਰਕ ਦੇ ਸੈਂਟਰਲ ਪਾਰਕ ਵਿੱਚ ਜਾਇਦਾਦ, ਬੈਂਕ ਖਾਤੇ, ਗਹਿਣੇ ਅਤੇ ਘੜੀਆਂ ਸਮੇਤ ਕੀਮਤੀ ਸਮਾਨ ਸ਼ਾਮਲ ਹੈ।
ਨੀਰਵ ਮੋਦੀ ਨੂੰ ਵਿਸ਼ੇਸ਼ ਪੀਐਮਐਲਏ ਅਦਾਲਤ ਨੇ ਦਸੰਬਰ 2019 ਵਿੱਚ ਭਗੌੜਾ ਆਰਥਿਕ ਅਪਰਾਧੀ ਐਕਟ, 2018 ਦੇ ਤਹਿਤ ਭਗੌੜਾ ਐਲਾਨ ਕੀਤਾ ਸੀ। ਪਿਛਲੇ ਦਿਨੀਂ ਨੀਰਵ ਮੋਦੀ ਨੇ ਕਿਹਾ ਸੀ ਕਿ ਜੇਕਰ ਉਸ ਨੂੰ ਭਾਰਤੀ ਪੁਲਿਸ ਹਵਾਲੇ ਕੀਤਾ ਗਿਆ ਤਾਂ ਉਹ ਬਚ ਨਹੀਂ ਸਕੇਗਾ। ਲੰਡਨ ਦੀ ਜੇਲ੍ਹ ਵਿਚ ਕੈਦ ਨੀਰਵ ਮੋਦੀ ਨੇ ਮਨੋਵਿਗਿਆਨੀ ਨੂੰ ਕਿਹਾ ਕਿ ਜੇਕਰ ਉਸ ਨੂੰ ਭਾਰਤ ਹਵਾਲੇ ਕੀਤਾ ਗਿਆ ਤਾਂ ਜਾਂ ਤਾਂ ਉਸ ਨੂੰ ਮਾਰ ਦਿੱਤਾ ਜਾਵੇਗਾ ਜਾਂ ਖੁਦਕੁਸ਼ੀ ਕਰ ਲਵੇਗਾ।
ਨੀਰਵ ਮੋਦੀ ਉਪਰ ਮੇਹੁਲ ਚੋਕਸੀ ਨਾਲ ਮਿਲ ਕੇ ਪੰਜਾਬ ਨੈਸ਼ਨਲ ਬੈਂਕ (PNB) ਨਾਲ 14,500 ਕਰੋੜ ਰੁਪਏ ਦੀ ਧੋਖਾਧੜੀ ਕਰਨ ਦਾ ਦੋਸ਼ ਹੈ। ਫਰਵਰੀ 'ਚ ਬ੍ਰਿਟੇਨ ਦੀ ਵੈਸਟਮਿੰਸਟਰ ਕੋਰਟ ਨੇ ਨੀਰਵ ਮੋਦੀ ਦੀ ਭਾਰਤ ਹਵਾਲਗੀ ਨੂੰ ਮਨਜ਼ੂਰੀ ਦਿੱਤੀ ਸੀ। ਉਸ ਨੇ ਇਸ ਫ਼ੈਸਲੇ ਵਿਰੁੱਧ ਲੰਡਨ ਹਾਈ ਕੋਰਟ ਵਿੱਚ ਅਪੀਲ ਕੀਤੀ ਸੀ। ਭਾਰਤ ਲਿਆਉਣ ਤੋਂ ਬਾਅਦ ਉਸ ਨੂੰ ਮੁੰਬਈ ਦੀ ਆਰਥਰ ਰੋਡ ਜੇਲ੍ਹ ਦੀ ਬੈਰਕ ਨੰਬਰ-12 ਵਿੱਚ ਰੱਖਿਆ ਜਾਵੇਗਾ।