
26/11 ਮੁੰਬਈ ਅਤਿਵਾਦੀ ਹਮਲੇ ਦੀ ਬਰਸੀ ਤੋਂ ਪਹਿਲਾਂ ਕੀਤਾ ਮੁੜ ਐਲਾਨ
26/11 Mumbai terror attack : ਇਜ਼ਰਾਈਲ ਨੇ 26/11 ਦੇ ਮੁੰਬਈ ਅਤਿਵਾਦੀ ਹਮਲਿਆਂ ਦੀ 15ਵੀਂ ਬਰਸੀ ਤੋਂ ਪਹਿਲਾਂ ਮੰਗਲਵਾਰ ਨੂੰ ਪਾਕਿਸਤਾਨ ਵਲੋਂ ਸੰਚਾਲਿਤ ਲਸ਼ਕਰ-ਏ-ਤੋਇਬਾ ਨੂੰ ਅਤਿਵਾਦੀ ਸੰਗਠਨ ਵਜੋਂ ਸੂਚੀਬੱਧ ਕਰਨ ਦਾ ਅਪਣਾ ਫੈਸਲਾ ਮੰਗਲਵਾਰ ਨੂੰ ਦੁਹਰਾਇਆ ਹੈ। 26 ਨਵੰਬਰ 2008 ਨੂੰ ਮੁੰਬਈ ਵਿਚ ਕਈ ਥਾਵਾਂ ’ਤੇ ਹੋਏ ਅਤਿਵਾਦੀ ਹਮਲਿਆਂ ਵਿਚ 166 ਲੋਕ ਮਾਰੇ ਗਏ ਸਨ, ਜਿਨ੍ਹਾਂ ਵਿਚ ਕਈ ਇਜ਼ਰਾਈਲੀ ਨਾਗਰਿਕ ਵੀ ਸ਼ਾਮਲ ਸਨ।
ਇਜ਼ਰਾਈਲ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਲਿਓਰ ਹਿਆਤ ਨੇ ਕਿਹਾ, ‘‘ਹਾਂ, ਮੈਂ ਇਸ ਦੀ ਪੁਸ਼ਟੀ ਕਰ ਸਕਦਾ ਹਾਂ। ਇਹ ਨਵੀਂ ਗੱਲ ਨਹੀਂ ਹੈ ਅਤੇ ਦਰਅਸਲ ਇਹ 2013 ਤੋਂ ਹੈ। ਇਸ ਨੂੰ ਪਿਛੇ ਜਿਹੇ ਇਕ ਪ੍ਰਸ਼ਾਸਨਿਕ ਭੁੱਲ ਕਾਰਨ ਮੁੜ ਪ੍ਰਕਾਸ਼ਤ ਕਰ ਦਿਤਾ ਗਿਆ ਸੀ ਪਰ ਇਹ ਕੋਈ ਨਵੀਂ ਗੱਲ ਨਹੀਂ ਹੈ।’’
ਇਸ ਤੋਂ ਪਹਿਲਾਂ ਨਵੀਂ ਦਿੱਲੀ ਸਥਿਤ ਇਜ਼ਰਾਇਲੀ ਦੂਤਾਵਾਸ ਨੇ ਇਕ ਬਿਆਨ ’ਚ ਕਿਹਾ, ‘‘ਮੁੰਬਈ ਅਤਿਵਾਦੀ ਹਮਲਿਆਂ ਦੀ 15ਵੀਂ ਬਰਸੀ ’ਤੇ ਇਜ਼ਰਾਈਲ ਨੇ ਲਸ਼ਕਰ-ਏ-ਤੋਇਬਾ ਨੂੰ ਅਤਿਵਾਦੀ ਸੰਗਠਨ ਦੇ ਰੂਪ ’ਚ ਸੂਚੀਬੱਧ ਕੀਤਾ ਹੈ।’’ ਬਿਆਨ ਵਿਚ ਕਿਹਾ ਗਿਆ ਹੈ, ‘‘ਭਾਰਤ ਸਰਕਾਰ ਨੇ ਸਾਨੂੰ ਅਜਿਹਾ ਕਰਨ ਦੀ ਬੇਨਤੀ ਨਹੀਂ ਕੀਤੀ, ਪਰ ਇਜ਼ਰਾਈਲ ਨੇ ਲਸ਼ਕਰ-ਏ-ਤੋਇਬਾ ਨੂੰ ਇਜ਼ਰਾਈਲ ਦੀ ਅਤਿਵਾਦੀ ਸੰਗਠਨਾਂ ਦੀ ਸੂਚੀ ਵਿਚ ਸ਼ਾਮਲ ਕਰਨ ਲਈ ਸਾਰੀਆਂ ਜ਼ਰੂਰੀ ਪ੍ਰਕਿਰਿਆਵਾਂ ਪੂਰੀਆਂ ਕੀਤੀਆਂ ਹਨ ਅਤੇ ਸਾਰੇ ਜ਼ਰੂਰੀ ਨਿਯਮਾਂ ਦੀ ਪਾਲਣਾ ਕੀਤੀ ਹੈ।’’
ਕੁਝ ਹਫ਼ਤੇ ਪਹਿਲਾਂ ਹੀ ਇਜ਼ਰਾਈਲ ਨੇ ਕਿਹਾ ਸੀ ਕਿ ਸਮਾਂ ਆ ਗਿਆ ਹੈ ਕਿ ਜਦੋਂ ਭਾਰਤ ਨੂੰ ਹਮਾਸ ਨੂੰ ਅਤਿਵਾਦੀ ਜਥੇਬੰਦੀ ਐਲਾਨ ਕਰ ਦੇਣਾ ਚਾਹੀਦਾ ਹੈ। ਹਮਾਸ ਨੇ ਸੱਤ ਅਕਤੂਬਰ ਨੂੰ ਇਜ਼ਰਾਈਲੀ ਇਲਾਕਿਆਂ ’ਚ ਜ਼ਮੀਨੀ, ਸਮੁੰਦਰੀ ਅਤੇ ਹਵਾਈ ਮਾਰਗਾਂ ਨਾਲ ਹਮਲੇ ਕਰ ਦਿਤੇ ਸਨ ਜਿਨ੍ਹਾਂ ’ਚ 1200 ਤੋਂ ਵੱਧ ਲੋਕ ਮਾਰੇ ਗਏ ਸਨ। 26 ਨਵੰਬਰ 2008 ਨੂੰ ਪਾਕਿਸਤਾਨ ਤੋਂ ਸਮੁੰਦਰੀ ਰਸਤੇ ਆਏ 10 ਅਤਿਵਾਦੀਆਂ ਨੇ ਦਖਣੀ ਮੁੰਬਈ ਦੇ ਯਹੂਦੀ ਕੇਂਦਰ ਚਾਬਾਡ ਹਾਊਸ ਸਮੇਤ ਕਈ ਥਾਵਾਂ ’ਤੇ ਹਮਲਾ ਕਰ ਕੇ ਅੰਨ੍ਹੇਵਾਹ ਗੋਲੀਬਾਰੀ ਕੀਤੀ ਸੀ, ਜਿਸ ’ਚ 18 ਸੁਰੱਖਿਆ ਕਰਮਚਾਰੀਆਂ ਸਮੇਤ 166 ਲੋਕਾਂ ਦੀ ਮੌਤ ਹੋ ਗਈ ਸੀ।
ਬਿਆਨ ’ਚ ਕਿਹਾ ਗਿਆ ਹੈ, ‘‘ਲਸ਼ਕਰ-ਏ-ਤੋਇਬਾ ਇਕ ਘਾਤਕ ਅਤੇ ਨਿੰਦਣਯੋਗ ਅਤਿਵਾਦੀ ਸੰਗਠਨ ਹੈ ਜੋ ਸੈਂਕੜੇ ਭਾਰਤੀਆਂ ਅਤੇ ਹੋਰਾਂ ਦੇ ਕਤਲ ਲਈ ਜ਼ਿੰਮੇਵਾਰ ਹੈ। 26 ਨਵੰਬਰ, 2008 ਨੂੰ ਉਸ ਦੀਆਂ ਘਿਨਾਉਣੀਆਂ ਕਾਰਵਾਈਆਂ ਅੱਜ ਵੀ ਸਾਰੇ ਸ਼ਾਂਤੀ ਪਸੰਦ ਦੇਸ਼ਾਂ ਅਤੇ ਸਮਾਜਾਂ ਨੂੰ ਦਰਦ ਪਹੁੰਚਾ ਰਹੀਆਂ ਹਨ।’’
(For more news apart from 26/11 Mumbai terror attack, stay tuned to Rozana Spokesman)