
ਕੇਂਦਰ ਅਤੇ ਬਿਹਾਰ 'ਚ ਸੱਤਾਧਾਰੀ ਰਾਸ਼ਟਰੀ ਜਨਤੰਤਰਿਕ ਗਠਜੋੜ (ਐਨ.ਡੀ.ਏ.) ਤੋਂ ਵੱਖ ਹੋਣ ਮਗਰੋਂ ਰਾਸ਼ਟਰੀ ਲੋਕ ਸਮਤਾ ਪਾਰਟੀ ਰਸਮੀ ਤੌਰ 'ਤੇ ਸੰਯੁਕਤ ਪ੍ਰਗਤੀਸ਼ੀਲ.......
ਨਵੀਂ ਦਿੱਲੀ : ਕੇਂਦਰ ਅਤੇ ਬਿਹਾਰ 'ਚ ਸੱਤਾਧਾਰੀ ਰਾਸ਼ਟਰੀ ਜਨਤੰਤਰਿਕ ਗਠਜੋੜ (ਐਨ.ਡੀ.ਏ.) ਤੋਂ ਵੱਖ ਹੋਣ ਮਗਰੋਂ ਰਾਸ਼ਟਰੀ ਲੋਕ ਸਮਤਾ ਪਾਰਟੀ ਰਸਮੀ ਤੌਰ 'ਤੇ ਸੰਯੁਕਤ ਪ੍ਰਗਤੀਸ਼ੀਲ ਗਠਜੋੜ (ਯੂ.ਪੀ.ਏ.) 'ਚ ਸ਼ਾਮਲ ਹੋ ਗਈ। ਇਸ ਮੌਕੇ 'ਤੇ ਪਾਰਟੀ ਪ੍ਰਧਾਨ ਉਪਿੰਦਰ ਕੁਸ਼ਵਾਹਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ 'ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੂੰ ਕਮਜ਼ੋਰ ਕਰਨ ਦੀ ਸਾਜ਼ਸ਼ ਕੀਤੀ ਗਈ ਜਿਸ ਕਰ ਕੇ ਉਨ੍ਹਾਂ ਨੂੰ ਐਨ.ਡੀ.ਏ. ਛੱਡਣ ਦਾ ਫ਼ੈਸਲਾ ਲੈਣਾ ਪਿਆ।
ਕਾਂਗਰਸ ਦੇ ਸੀਨੀਅਰ ਆਗੂ ਅਹਿਮਦ ਪਟੇਲ ਨੇ ਕੁਸ਼ਵਾਹਾ ਅਤੇ ਉਨ੍ਹਾਂ ਦੀ ਪਾਰਟੀ ਦਾ ਯੂ.ਪੀ.ਏ. 'ਚ ਸਵਾਗਤ ਕਰਦਿਆਂ ਪੱਤਰਕਾਰਾਂ ਨੂੰ ਕਿਹਾ, ''ਬਿਹਾਰ 'ਚ ਪਹਿਲਾਂ ਤੋਂ ਗਠਜੋੜ ਸੀ ਅਤੇ ਅੱਜ ਉਸ 'ਚ ਉਪਿੰਦਰ ਕੁਸ਼ਵਾਹਾ ਸ਼ਾਮਲ ਹੋਏ ਹਨ। ਅਸੀਂ ਉਨ੍ਹਾਂ ਦਾ ਸਵਾਗਤ ਕਰਦ ਹਾਂ।'' ਕੁਸ਼ਵਾਹਾ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਨਿਤੀਸ਼ ਕੁਮਾਰ 'ਤੇ ਨਿਸ਼ਾਨਾ ਲਾਉਂਦਿਆਂ ਕਿਹਾ, ''ਬਹੁਤ ਵਾਅਦੇ ਕੀਤੇ ਗਏ ਪਰ ਕਥਨੀ ਅਤੇ ਕਰਨੀ 'ਚ ਬਹੁਤ ਫ਼ਰਕ ਦਿਸਿਆ। ਪਹਿਲਾਂ ਮੈਨੂੰ ਮਹਿਸੂਸ ਨਹੀਂ ਹੋਇਅ। ਪਰ ਜਦੋਂ ਮਹਿਸੂਸ ਹੋਇਆ ਤਾਂ ਮੈਂ ਆਵਾਜ਼ ਚੁਕੀ।
ਜਦੋਂ ਮੈਂ ਸਮਾਜਕ ਨਿਆਂ ਅਤੇ ਬਿਹਾਰ 'ਚ ਚੰਗੀ ਸਿਖਿਆ ਲਈ ਆਵਾਜ਼ ਚੁਕਣੀ ਸ਼ੁਰੂ ਕੀਤੀ ਤਾਂ ਮੇਰੀ ਪਾਰਟੀ ਨੂੰ ਕਮਜ਼ੋਰ ਕਰਨ ਦੀ ਸਾਜ਼ਸ਼ ਕੀਤੀ ਗਈ। ਇਸ 'ਚ ਨਿਤੀਸ਼ ਕੁਮਾਰ ਵੀ ਸ਼ਾਮਲ ਸਨ।'' ਉਨ੍ਹਾਂ ਰਾਹੁਲ ਗਾਂਧੀ ਦੀ ਤਾਰੀਫ਼ ਕਰਦਿਆਂ ਕਿਹਾ ਕਿ ਰਾਹੁਲ ਗਾਂਧੀ ਦੀ ਕਥਨੀ ਅਤੇ ਕਰਨੀ ਇਕ ਬਰਾਬਰ ਹੈ। ਇਸ ਦਾ ਪਤਾ ਇਸ ਤੋਂ ਹੀ ਲਗਦਾ ਹੈ ਕਿ ਤਿੰਨ ਸੂਬਿਆਂ ਦੀਆਂ ਚੋਣਾਂ 'ਚ ਕਿਸਾਨਾਂ ਦਾ ਕਰਜ਼ਾ ਮਾਫ਼ ਕਰਨ ਦਾ ਵਾਅਦਾ ਕੀਤਾ ਅਤੇ ਸਰਕਾਰ ਬਣਦਿਆਂ ਹੀ ਪਹਿਲਾਂ ਫ਼ੈਸਲਾ ਇਹੀ ਹੋਇਆ। ਆਰ.ਜੇ.ਡੀ. ਆਗੂ ਤੇਜਸਵੀ ਯਾਦਵ ਨੇ ਵੀ ਕੁਸ਼ਵਾਹਾ ਨੂੰ ਯੂ.ਪੀ.ਏ. 'ਚ ਆਉਣ ਦੀ ਵਧਾਈ ਦਿਤੀ ਅਤੇ ਕਿਹਾ ਕਿ ਸਾਰੀਆਂ ਪਾਰਟੀਆਂ 'ਦੇਸ਼ ਅਤੇ ਸੰਵਿਧਾਨ ਬਚਾਉਣ' ਲਈ ਇਕਜੁਟ ਹੋਈਆਂ ਹਨ। (ਪੀਟੀਆਈ)