
113 ਪਾਸਪੋਰਟ, 6 ਲਗਜ਼ਰੀ ਗੱਡੀਆਂ ਤੇ ਬੈਂਕ ਖਾਤੇ ਵੀ ਕੀਤੇ ਜ਼ਬਤ
ਅੰਬਾਲਾ: ਹਰਿਆਣਾ ਵਿੱਚ ਅੰਬਾਲਾ ਪੁਲਿਸ ਨੇ ਕਬੂਤਰਬਾਜ਼ ਗਿਰੋਹ ਦੇ ਇੱਕ ਵੱਡੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਯੂਕੇ, ਅਮਰੀਕਾ ਅਤੇ ਯੂਰਪ ਭੇਜਣ ਦੇ ਨਾਂ 'ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੇ ਗਰੋਹ ਦੇ ਮਾਸਟਰ ਮਾਈਂਡ ਸਮੇਤ 5 ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਪੁਲਿਸ ਰਿਮਾਂਡ ਦੌਰਾਨ ਉਹਨਾਂ ਦੇ ਕਬਜ਼ੇ 'ਚੋਂ 37 ਲੱਖ ਰੁਪਏ ਨਕਦ, 6 ਲਗਜ਼ਰੀ ਗੱਡੀਆਂ, 113 ਪਾਸਪੋਰਟ ਬਰਾਮਦ ਹੋਏ ਹਨ। ਇਸ ਦੇ ਨਾਲ ਹੀ ਮੁਲਜ਼ਮਾਂ ਦੇ ਬੈਂਕ ਖਾਤੇ ਵੀ ਜ਼ਬਤ ਕਰ ਲਏ ਗਏ ਹਨ, ਜਿਸ ਵਿੱਚ 33.60 ਲੱਖ ਰੁਪਏ ਨਕਦ ਹਨ।
ਐੱਸਪੀ ਜਸ਼ਨਦੀਪ ਸਿੰਘ ਰੰਧਾਵਾ ਨੇ ਮੰਗਲਵਾਰ ਨੂੰ ਦੱਸਿਆ ਕਿ ਇਸ 'ਚ ਕਈ ਲੋਕ ਪੁਲਿਸ ਦੇ ਰਡਾਰ 'ਤੇ ਹਨ। ਪੁਲਿਸ ਜਲਦ ਹੀ ਗਿਰੋਹ ਦੇ ਹੋਰ ਮੈਂਬਰਾਂ ਨੂੰ ਵੀ ਗ੍ਰਿਫਤਾਰ ਕਰ ਲਵੇਗੀ। ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਿਰੋਹ ਵਿੱਚ ਹਰਿਆਣਾ, ਪੰਜਾਬ, ਯੂਪੀ ਅਤੇ ਦਿੱਲੀ ਦੇ ਲੋਕ ਸ਼ਾਮਲ ਹਨ।
ਕਬੂਤਰਬਾਜ਼ੀ ਦੀ ਸਾਰੀ ਖੇਡ ਨੂੰ ਮੁੱਖ ਮੁਲਜ਼ਮ ਗਗਨਦੀਪ ਸਿੰਘ ਉਰਫ਼ ਹਨੀ ਅਤੇ ਉਸ ਦਾ ਭਰਾ ਹਰਸਿਮਰਨ ਸਿੰਘ ਉਰਫ ਗਿੰਨੀ ਤੋਪਖਾਨਾ ਇਲਾਕੇ ਵਿੱਚ ਇੱਕ ਹਲਵਾਈ ਦੀ ਦੁਕਾਨ ਤੋਂ ਚਲਾ ਰਹੇ ਸਨ। ਇਸ ਵਿੱਚ ਦਿੱਲੀ, ਯੂਪੀ, ਪੰਜਾਬ ਅਤੇ ਅੰਬਾਲਾ ਦੇ ਕਈ ਵੱਡੇ ਨਾਮ ਸ਼ਾਮਲ ਸਨ।
ਪੁਲਿਸ ਨੇ ਮੁਲਜ਼ਮ ਗਗਨਦੀਪ ਸਿੰਘ ਉਰਫ ਹੈਨੀ ਦੇ ਕਬਜ਼ੇ ’ਚੋਂ 2 ਮਰਸਡੀਜ਼, 1 ਰੇਂਜ ਰੋਵਰ ਸਪੋਰਟ, 1 ਐਂਡੇਵਰ, 1 ਫਾਰਚੂਨਰ, 1 ਰੈਂਗਲਰ ਤੇ ਇਕ ਬੁਲੇਟ ਬਰਾਮਦ ਕੀਤਾ ਹੈ।
ਐਸਪੀ ਜਸ਼ਨਦੀਪ ਸਿੰਘ ਰੰਧਾਵਾ ਨੇ ਦੱਸਿਆ ਕਿ ਅੰਬਾਲਾ ਛਾਉਣੀ ਦੇ ਰਹਿਣ ਵਾਲੇ ਨਰਿੰਦਰ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ, ਜਿਸ ਵਿੱਚ ਦੋਸ਼ ਲਾਇਆ ਸੀ ਕਿ ਅੰਬਾਲਾ ਛਾਉਣੀ ਦੇ ਰਹਿਣ ਵਾਲੇ ਗਗਨਦੀਪ ਸਿੰਘ ਉਰਫ਼ ਹੈਨੀ ਨੇ ਉਸ ਦੇ ਪਰਿਵਾਰ ਨੂੰ ਬਾਹਰ ਭੇਜਣ ਦੇ ਨਾਂ ’ਤੇ ਲੱਖਾਂ ਰੁਪਏ ਦੀ ਠੱਗੀ ਮਾਰੀ ਹੈ। ਉਨ੍ਹਾਂ ਨੇ ਡੀਐਸਪੀ ਅੰਬਾਲਾ ਕੈਂਟ ਦੀ ਅਗਵਾਈ ਵਿੱਚ ਇੱਕ ਐਸਆਈਟੀ ਦਾ ਗਠਨ ਕੀਤਾ।
ਪੁਲਿਸ ਨੇ 13 ਦਸੰਬਰ ਨੂੰ ਮੁੱਖ ਮੁਲਜ਼ਮ ਗਗਨਦੀਪ ਸਿੰਘ ਉਰਫ਼ ਹੈਨੀ ਨੂੰ ਗ੍ਰਿਫ਼ਤਾਰ ਕਰ ਲਿਆ ਸੀ। 5 ਦਿਨਾਂ ਦੇ ਰਿਮਾਂਡ ਦੌਰਾਨ ਮੁਲਜ਼ਮ ਨੇ ਕਈ ਵੱਡੇ ਖੁਲਾਸੇ ਕੀਤੇ। ਇਸ ਤੋਂ ਬਾਅਦ ਪੁਲਿਸ ਨੇ ਦੀਪ ਸਿੰਘ ਕਾਲਾ ਉਰਫ ਗੋਲੂ ਵਾਸੀ ਤ੍ਰਿਲੋਕਪੁਰ ਦਿੱਲੀ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਉਸ ਦਾ 5 ਦਿਨ ਦਾ ਰਿਮਾਂਡ ਵੀ ਲਿਆ ਸੀ। ਸੈਕਟਰ-7 ਅੰਬਾਲਾ ਸ਼ਹਿਰ ਵਾਸੀ ਅਮਨਦੀਪ ਸਿੰਘ ਉਰਫ਼ ਸੋਨੂੰ ਨੂੰ 16 ਦਸੰਬਰ ਨੂੰ ਅਤੇ ਨੋਇਡਾ ਵਾਸੀ ਪ੍ਰਦੀਪ ਕੁਮਾਰ ਨੂੰ 17 ਦਸੰਬਰ ਨੂੰ, ਲੁਧਿਆਣਾ ਵਾਸੀ ਮੁਲਜ਼ਮ ਪ੍ਰਭਜੋਤ ਸਿੰਘ ਉਰਫ਼ ਬਬਲੂ ਨੂੰ 18 ਦਸੰਬਰ ਨੂੰ ਗ੍ਰਿਫ਼ਤਾਰ ਕਰਕੇ ਰਿਮਾਂਡ ’ਤੇ ਲਿਆ ਗਿਆ ਸੀ।