
ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਇਕ ਅਹਿਮ ਐਲਾਨ ਕੀਤਾ ਹੈ।
ਲਖਨਊ: ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਇਕ ਅਹਿਮ ਐਲਾਨ ਕੀਤਾ ਹੈ। ਅਖਿਲੇਸ਼ ਯਾਦਵ ਨੇ ਐਲਾਨ ਕੀਤਾ ਹੈ ਕਿ ਉਹ ਮੈਨਪੁਰੀ ਦੀ ਕਰਹਾਲ ਸੀਟ ਤੋਂ ਵਿਧਾਨ ਸਭਾ ਚੋਣ ਲੜਨਗੇ। ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਜੇਕਰ ਸਪਾ ਦੀ ਸਰਕਾਰ ਬਣਦੀ ਹੈ ਤਾਂ ਆਉਣ ਵਾਲੇ ਸਮੇਂ ਵਿਚ 22 ਲੱਖ ਨੌਜਵਾਨਾਂ ਨੂੰ ਆਈਟੀ ਖੇਤਰ ਵਿਚ ਰੁਜ਼ਗਾਰ ਮਿਲੇਗਾ।
ਸਮਾਜਵਾਦੀ ਨੇਤਾ ਰਾਮ ਗੋਪਾਲ ਯਾਦਵ ਨੇ ਦਾਅਵਾ ਕੀਤਾ ਕਿ ਅਖਿਲੇਸ਼ ਯਾਦਵ “ਰਿਕਾਰਡ” ਵੋਟਾਂ ਨਾਲ ਜਿੱਤਣਗੇ। ਕਰਹਾਲ ਵਿਧਾਨ ਸਭਾ ਸੀਟ 'ਤੇ ਸਮਾਜਵਾਦੀ ਪਾਰਟੀ ਦਾ ਕਾਫੀ ਦਬਦਬਾ ਹੈ। ਇਹ ਸੀਟ ਸਪਾ ਦੀ ਸੁਰੱਖਿਅਤ ਸੀਟ ਦੱਸੀ ਜਾਂਦੀ ਹੈ। ਇੱਥੇ 1993 ਤੋਂ ਲਗਾਤਾਰ ਸਪਾ ਜਿੱਤਦੇ ਆਏ ਹਨ। ਇਹ ਸੀਟ ਭਾਜਪਾ ਨੇ 2002-2007 ਵਿਚ ਸਿਰਫ਼ ਇਕ ਵਾਰ ਜਿੱਤੀ ਸੀ। ਕਰਹਲ ਸੀਟ ਮੈਨਪੁਰੀ ਜ਼ਿਲ੍ਹੇ ਵਿਚ ਆਉਂਦੀ ਹੈ, ਜੋ ਯਾਦਵ ਪਰਿਵਾਰ ਦਾ ਗੜ੍ਹ ਰਿਹਾ ਹੈ। ਇਸ ਅੰਕੜੇ ਦੇ ਮੱਦੇਨਜ਼ਰ ਸਪਾ ਵਰਕਰ ਅਖਿਲੇਸ਼ ਯਾਦਵ ਦੀ ਜਿੱਤ ਦਾ ਦਾਅਵਾ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਯੂਪੀ ਵਿਚ ਕੁੱਲ 403 ਸੀਟਾਂ ਲਈ ਸੱਤ ਪੜਾਵਾਂ ਵਿਚ ਵੋਟਿੰਗ ਹੋਵੇਗੀ। ਇਹਨਾਂ ਗੇੜਾਂ ਤਹਿਤ 10 ਫਰਵਰੀ, 14 ਫਰਵਰੀ, 20 ਫਰਵਰੀ, 23 ਫਰਵਰੀ, 27 ਫਰਵਰੀ, 3 ਮਾਰਚ ਅਤੇ 7 ਮਾਰਚ ਨੂੰ ਵੋਟਾਂ ਪੈਣਗੀਆਂ। ਨਤੀਜੇ 10 ਮਾਰਚ ਨੂੰ ਆਉਣਗੇ। ਚੋਣਾਂ ਤੋਂ ਪਹਿਲਾਂ ਭਾਜਪਾ ਦੇ ਕਈ ਦਿੱਗਜ ਨੇਤਾ ਹਾਲ ਹੀ 'ਚ ਪੱਖ ਬਦਲ ਕੇ ਸਮਾਜਵਾਦੀ ਪਾਰਟੀ 'ਚ ਸ਼ਾਮਲ ਹੋਏ ਹਨ।