
ਚਾਰ ਕਿਸਾਨਾਂ ਵਿਰੁੱਧ ਕੀਤੀ ਗਈ ਹੈ ਚਾਰਜਸ਼ੀਟ ਦਾਖ਼ਲ
ਲਾਖੀਮਪੁਰ ਖੇੜੀ : ਲਖੀਮਪੁਰ ਖੇੜੀ ਹਿੰਸਾ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (SIT) ਨੇ ਭਾਜਪਾ ਦੇ ਦੋ ਵਰਕਰਾਂ ਅਤੇ ਇੱਕ ਕਾਰ ਡਰਾਈਵਰ ਦੀ ਕੁੱਟਮਾਰ ਦੇ ਮਾਮਲੇ ਵਿੱਚ ਚਾਰ ਲੋਕਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਹੈ। ਦੱਸਣਯੋਗ ਹੈ ਕਿ ਇਸ ਮਾਮਲੇ ਵਿਚ ਪਹਿਲਾਂ ਸੱਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਪਰ ਹੁਣ ਤਿੰਨਾਂ ਖ਼ਿਲਾਫ਼ ਕੋਈ ਸਬੂਤ ਨਹੀਂ ਮਿਲਿਆ ਹੈ। ਐਸਆਈਟੀ ਨੇ ਆਪਣੀ ਜਾਂਚ ਵਿੱਚ ਚਾਰ ਮੁਲਜ਼ਮਾਂ ਖ਼ਿਲਾਫ਼ ਕਤਲ, ਦੰਗੇ, ਅੱਗਜ਼ਨੀ,ਤੋੜਭੰਨ ਅਤੇ ਉਕਸਾਉਣ ਸਮੇਤ ਕਈ ਧਾਰਾਵਾਂ ਤਹਿਤ ਚਾਰਜਸ਼ੀਟ ਦਾਖ਼ਲ ਕੀਤੀ ਹੈ।
Lakhimpur Kheri case
ਦੱਸਣਯੋਗ ਹੈ ਕਿ ਪਿਛਲੇ ਸਾਲ ਅਕਤੂਬਰ ਵਿੱਚ ਇਸ ਘਟਨਾ ਤੋਂ ਬਾਅਦ ਦੋ ਐਫਆਈਆਰ ਦਰਜ ਕੀਤੀਆਂ ਗਈਆਂ ਸਨ, ਜਿਸ ਵਿੱਚ ਅੱਠ ਲੋਕਾਂ ਦੀ ਮੌਤ ਦਾ ਹਵਾਲਾ ਦਿੱਤਾ ਗਿਆ ਸੀ ਜਿਸ ਵਿਚ ਚਾਰ ਕਿਸਾਨ, ਇੱਕ ਪੱਤਰਕਾਰ, ਦੋ ਭਾਜਪਾ ਵਰਕਰ ਅਤੇ ਇੱਕ ਕਾਰ ਡਰਾਈਵਰ ਸੀ। ਪਹਿਲੀ ਐਫਆਈਆਰ ਵਿੱਚ, ਕੇਂਦਰੀ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਅਤੇ ਕਰੀਬ 15-20 ਲੋਕਾਂ ਉੱਤੇ ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਦੇ ਦੌਰੇ ਦੇ ਵਿਰੋਧ ਵਿੱਚ ਚਾਰ ਕਿਸਾਨਾਂ ਅਤੇ ਇੱਕ ਪੱਤਰਕਾਰ ਦੀ ਹੱਤਿਆ ਕਰਨ ਦਾ ਦੋਸ਼ ਹੈ।
Lakhimpur Khedi Incident
ਦੂਜੀ ਐਫਆਈਆਰ ਇੱਕ ਸੁਮਿਤ ਜੈਸਵਾਲ ਵੱਲੋਂ ਅਣਪਛਾਤੇ ਲੋਕਾਂ ਖ਼ਿਲਾਫ਼ ਦਰਜ ਕਰਵਾਈ ਗਈ ਸੀ, ਜਿਸ ਵਿੱਚ ਦੋਸ਼ ਲਾਇਆ ਗਿਆ ਸੀ ਕਿ ਉਨ੍ਹਾਂ ਨੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਕਾਰ ਤੋਂ ਹੇਠਾਂ ਦਰੜਨ ਤੋਂ ਬਾਅਦ ਦੋ ਭਾਜਪਾ ਵਰਕਰਾਂ ਅਤੇ ਇੱਕ ਡਰਾਈਵਰ ਦੀ ਕੁੱਟਮਾਰ ਕੀਤੀ। ਤਾਜ਼ਾ ਚਾਰਜਸ਼ੀਟ ਬਾਰੇ ਗੱਲ ਕਰਦੇ ਹੋਏ ਸੀਨੀਅਰ ਇਸਤਗਾਸਾ ਅਧਿਕਾਰੀ (ਐਸਪੀਓ) ਐਸਪੀ ਯਾਦਵ ਨੇ ਕਿਹਾ, "ਸ਼ੁੱਕਰਵਾਰ ਨੂੰ, ਪੁਲਿਸ ਨੇ ਵਧੀਕ ਮੁੱਖ ਨਿਆਂਇਕ ਮੈਜਿਸਟਰੇਟ (ਏਸੀਜੇਐਮ) ਮੋਨਾ ਸਿੰਘ ਦੀ ਅਦਾਲਤ ਵਿੱਚ ਚਾਰ ਮੁਲਜ਼ਮਾਂ ਵਿਰੁੱਧ ਐਫਆਈਆਰ ਨੰਬਰ 220/2021 ਵਿੱਚ ਚਾਰਜਸ਼ੀਟ ਦਾਇਰ ਕੀਤੀ।"
lakhimpur case
ਚਾਰ ਕਿਸਾਨਾਂ ਜਿਨ੍ਹਾਂ ਵਿਰੁੱਧ ਚਾਰਜਸ਼ੀਟ ਦਾਖ਼ਲ ਕੀਤੀ ਗਈ ਹੈ ਉਨ੍ਹਾਂ ਦੇ ਨਾਮ ਵਚਿਤਰਾ ਸਿੰਘ, ਗੁਰਵਿੰਦਰ ਸਿੰਘ, ਕਮਲਜੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਹਨ। ਹਾਲਾਂਕਿ ਪੁਲਿਸ ਨੇ ਭਾਜਪਾ ਵਰਕਰਾਂ ਅਤੇ ਡਰਾਈਵਰ ਦੀ ਮੌਤ ਦੇ ਸਬੰਧ 'ਚ ਸ਼ੁਰੂ ਵਿੱਚ ਸੱਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ ਪਰ ਸਬੂਤਾਂ ਦੀ ਘਾਟ ਕਾਰਨ ਤਿੰਨ ਨੂੰ ਛੱਡ ਦਿੱਤਾ ਗਿਆ ਹੈ। ਉਨ੍ਹਾਂ ਕਿਹਾ, "ਤਿੰਨ ਵਿਅਕਤੀਆਂ ਰਣਜੀਤ ਸਿੰਘ, ਸੋਨੂੰ ਉਰਫ਼ ਕੰਵਲਜੀਤ ਸਿੰਘ ਅਤੇ ਅਵਤਾਰ ਸਿੰਘ ਦੇ ਸਬੰਧ ਵਿੱਚ ਅੰਤਿਮ ਰਿਪੋਰਟਾਂ ਸੀਆਰਪੀਸੀ ਦੀ ਧਾਰਾ 169 (ਸਬੂਤ ਦੀ ਘਾਟ ਹੋਣ 'ਤੇ ਮੁਲਜ਼ਮਾਂ ਦੀ ਰਿਹਾਈ) ਅਧੀਨ ਪੇਸ਼ ਕੀਤੀਆਂ ਗਈਆਂ ਹਨ ਅਤੇ ਉਨ੍ਹਾਂ ਦੇ ਰਿਹਾਈ ਦੇ ਹੁਕਮ ਜਾਰੀ ਕੀਤੇ ਜਾ ਰਹੇ ਹਨ।''