
ਵੱਖ-ਵੱਖ ਲੋਕਾਂ ਵਲੋਂ ਭਾਈਚਾਰੇ ਦੇ ਸੰਦੇਸ਼ ਦੀ ਤਾਰੀਫ਼ ਕੀਤੀ ਜਾ ਰਹੀ
ਪ੍ਰਯਾਗਰਾਜ ਵਿਚ ਪਿਛਲੇ ਕਈ ਦਿਨਾਂ ਤੋਂ ਮਹਾਕੁੰਭ ਨਿਰਵਿਘਨ ਚੱਲ ਰਿਹਾ ਹੈ। ਛੋਟੀਆਂ ਮੋਟੀਆਂ ਘਟਨਾਵਾਂ ਦੇ ਬਾਵਜੂਦ ਕਰੀਬ 9 ਕਰੋੜ ਲੋਕ ਪਵਿੱਤਰ ਇਸ਼ਨਾਨ ਕਰ ਚੁੱਕੇ ਹਨ। ਭਾਵੇਂ ਇਸ ਮਹਾਕੁੰਭ ਨੂੰ ਕਾਮਯਾਬ ਕਰਨ ਲਈ ਯੂਪੀ ਸਰਕਾਰ ਸਮੇਤ ਅਨੇਕਾਂ ਸਰਕਾਰੀ ਤੇ ਗ਼ੈਰ ਸਰਕਾਰੀ ਸੰਗਠਨਾਂ ਨੇ ਪੂਰਾ ਜ਼ੋਰ ਲਗਾਇਆ ਹੋਇਆ ਹੈ ਪਰ ਇਥੇ ਇਕ ਬੜੀ ਹੀ ਅਨੋਖੀ ਉਦਾਹਰਨ ਵੇਖਣ ਨੂੰ ਮਿਲੀ।
ਕਿਹਾ ਜਾਂਦਾ ਹੈ ਕਿ ਦੁਨੀਆਂ ਵਿਚ ਕਿਤੇ ਵੀ ਦੁੱਖ ਜਾਂ ਸੁੱਖ ਹੋਵੇ, ਉਥੇ ਰੈੱਡ ਕਰਾਸ ਜਾਂ ਸਰਕਾਰਾਂ ਪਹੁੰਚਣ ਜਾਂ ਨਾ ਪਹੁੰਚਣ ਪਰ ਗੁਰੂ ਕਾ ਲੰਗਰ ਸਭ ਤੋਂ ਪਹਿਲਾਂ ਪਹੁੰਚ ਜਾਂਦਾ ਹੈ। ਇਸੇ ਤਰ੍ਹਾਂ ਪ੍ਰਯਾਗਰਾਜ ਵਿਚ ਵੀ ਹਿੰਦੂ ਸਿੱਖ ਭਾਈਚਾਰੇ ਦਾ ਸੁਮੇਲ ਵੇਖਣ ਨੂੰ ਮਿਲਿਆ।
ਜਿਥੇ ਸਿੱਖਾਂ ਨੇ ਗੁਰੂ ਕਾ ਲੰਗਰ ਲਗਾ ਕੇ ਇਥੇ ਪਹੁੰਚੇ ਸ਼ਰਧਾਲੂਆਂ ਨੂੰ ਨਿਰਸਵਾਰਥ ਸੇਵਾ ਕੀਤੀ। ਇਸ ਲੰਗਰ ਦੀਆਂ ਕੁਝ ਵੀਡੀਓਜ਼ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ ਅਤੇ ਵੱਖ-ਵੱਖ ਲੋਕਾਂ ਵਲੋਂ ਭਾਈਚਾਰੇ ਦੇ ਸੰਦੇਸ਼ ਦੀ ਤਾਰੀਫ਼ ਕੀਤੀ ਜਾ ਰਹੀ ਹੈ।