
ਟਰੰਪ ਦੇ ਸਵਾਗਤ 'ਤੇ ਹੋਣ ਵਾਲੇ ਖ਼ਰਚਿਆਂ ਦੀ ਪਾਰਦਿਸ਼ਤਾ 'ਤੇ ਚੁਕੇ ਸਵਾਲ
ਨਵੀਂ ਦਿੱਲੀ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਭਾਰਤ ਫੇਰੀ ਨੂੰ ਲੈ ਕੇ ਸਿਆਸਤ ਗਰਮਾਈ ਹੋਈ ਹੈ। ਕੇਂਦਰ ਸਰਕਾਰ ਇਸ ਨੂੰ ਇਕ ਪ੍ਰਾਪਤੀ ਵਜੋਂ ਲੈ ਰਹੀ ਹੈ ਜਦਕਿ ਵਿਰੋਧੀ ਧਿਰ ਇਸ ਵਿਚੋਂ ਕਮਜ਼ੋਰੀਆਂ ਲੱਭਣ 'ਚ ਲੱਗੀ ਹੋਈ ਹੈ। ਇਸੇ ਦੌਰਾਨ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਟਰੰਪ ਦੀ ਯਾਤਰਾ ਸਬੰਧੀ ਕੇਂਦਰ ਨੂੰ ਨਿਸ਼ਾਨੇ 'ਤੇ ਲੈਂਦਿਆਂ ਹਮਲਾ ਬੋਲਿਆ ਹੈ।
Photo
ਸਨਿੱਚਰਵਾਰ ਨੂੰ ਟਵੀਟ ਜ਼ਰੀਏ ਅਪਣੀ ਗੱਲ ਰਖਦਿਆਂ ਪ੍ਰਿਅੰਕਾ ਗਾਂਧੀ ਨੇ ਸਵਾਲ ਉਠਾਇਆ ਕਿ ਟਰੰਪ ਦੇ ਸਵਾਗਤ ਲਈ ਜਿਸ ਕਮੇਟੀ ਨੂੰ ਕਰੋੜਾਂ ਰੁਪਏ ਖ਼ਰਚਣ ਦਾ ਜਿੰਮਾ ਸੌਂਪਿਆ ਹੋਇਆ ਹੈ, ਉਸ ਦੇ ਮੈਂਬਰ ਖੁਦ ਕਮੇਟੀ ਦੇ ਮੈਂਬਰ ਹੋਣ ਤੋਂ ਅਨਜਾਣ ਹਨ। ਪ੍ਰਿਅੰਕਾ ਨੇ ਇਸ ਨੂੰ ਮੁੱਦਾ ਬਣਾ ਕੇ ਟਵੀਟ ਜ਼ਰੀਏ ਸਵਾਲ ਉਠਾਏ ਹਨ।
Photo
ਪ੍ਰਿਅੰਕਾ ਦਾ ਕਹਿਣਾ ਹੈ ਕਿ ਰਾਸ਼ਟਰਪਤੀ ਟਰੰਪ ਦੇ ਸਵਾਗਤ 'ਤੇ 100 ਕਰੋੜ ਰੁਪਏ ਖ਼ਰਚੇ ਜਾ ਰਹੇ ਹਨ। ਸਰਕਾਰ ਨੇ ਇਹ ਪੈਸਾ ਖ਼ਰਚਣ ਦੀ ਜ਼ਿੰਮੇਵਾਰੀ ਇਕ ਕਮੇਟੀ ਨੂੰ ਸੌਂਪੀ ਹੈ। ਜਦਕਿ ਕਮੇਟੀ ਮੈਂਬਰਾਂ ਨੂੰ ਇਸ ਗੱਲ ਦਾ ਵੀ ਇਲਮ ਨਹੀਂ ਕਿ ਉਹ ਉਸ ਦੇ ਮੈਂਬਰ ਹਨ।
Photo
ਉਨ੍ਹਾਂ ਕਿਹਾ ਕਿ ਕੀ ਦੇਸ਼ ਨੂੰ ਇਹ ਜਾਣਨ ਦਾ ਹੱਕ ਨਹੀਂ ਕਿ ਕਿਸ ਮੰਤਰਾਲੇ ਨੇ ਕਮੇਟੀ ਨੂੰ ਕਿੰਨਾ ਪੈਸਾ ਖਰਚਣ ਲਈ ਦਿਤਾ ਹੈ? ਉਨ੍ਹਾਂ ਕਿਹਾ ਕਿ ਕਮੇਟੀ ਦੀ ਆੜ ਵਿਚ ਸਰਕਾਰ ਕੀ ਲੁਕਾਉਣਾ ਚਾਹੁੰਦੀ ਹੈ, ਇਹ ਸਵਾਲ ਜਵਾਬ ਮੰਗਦੇ ਹਨ।
Photo
ਕਾਬਲੇਗੌਰ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ 24 ਫ਼ਰਵਰੀ ਤੋਂ ਦੋ ਦਿਨ ਦੀ ਭਾਰਤ ਯਾਤਰਾ 'ਤੇ ਆ ਰਹੇ ਹਨ। ਇਸ ਦੌਰਾਨ ਦੋਹਾਂ ਦੇਸ਼ਾਂ ਵਿਚਾਲੇ ਰਣਨੀਤਕ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਤੋਂ ਇਲਾਵਾ ਰੱਖਿਆ, ਸੁਰੱਖਿਆ, ਅਤਿਵਾਦ ਨਾਲ ਲੜਾਈ, ਵਪਾਰ, ਊਰਜਾ, ਦੋਹਾਂ ਦੇਸ਼ਾਂ ਦੇ ਲੋਕਾਂ ਦਰਮਿਆਨ ਸੰਪਰਕ ਅਤੇ ਹੋਰ ਦੋ-ਪੱਖੀ ਮੁੱਦਿਆਂ 'ਤੇ ਵਿਆਪਕ ਵਿਚਾਰ ਵਟਾਂਦਰਾ ਹੋਣ ਦੀ ਸੰਭਾਵਨਾ ਹੈ।