
ਕਿਸਾਨਾਂ ਨੂੰ ਧਰਨਿਆਂ ਦੇ ਨਾਲ-ਨਾਲ ਖੇਤਾਂ ਵਿਚਲੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਇਕਜੁਟ ਹੋਣ ਲਈ ਕਿਹਾ
ਨਵੀਂ ਦਿੱਲੀ : ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਦਿੱਲੀ ਦੇ ਬਾਰਡਰਾਂ 'ਤੇ ਬੈਠੇ ਕਿਸਾਨਾਂ ਵਿਚ ਸਰਕਾਰ ਪ੍ਰਤੀ ਗੁੱਸਾ ਦਿਨੋ ਦਿਨ ਵਧਦਾ ਜਾ ਰਿਹਾ ਹੈ। ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਬੀਤੇ ਦਿਨੀਂ ਸਰਕਾਰ ਨੂੰ ਸਖਤ ਚਿਤਾਵਨੀ ਦਿੰਦਿਆਂ ਲੋੜ ਪੈਣ 'ਤੇ ਆਪਣੇ ਗੁਜਾਰੇਯੋਗ ਫਸਲ ਰੱਖ ਕੇ ਬਾਕੀ ਫਸਲ ਨਸ਼ਟ ਕਰ ਦੇਣ ਦੀ ਗੱਲ ਕਹੀ ਸੀ। ਇਸ ਤੋਂ ਬਾਅਦ ਕਈ ਥਾਈਂ ਅਜਿਹੀਆਂ ਘਟਨਾਵਾਂ ਵਾਪਰਨ ਦੀਆਂ ਖਬਰਾਂ ਸਾਹਮਣੇ ਆਈਆਂ ਜਿੱਥੇ ਕਿਸਾਨਾਂ ਨੇ ਖੇਤਾਂ ਵਿਚ ਖੜ੍ਹੀ ਕਣਕ ਦੀ ਫਸਲ ਨੂੰ ਰੋਸ ਵਜੋਂ ਵਾਹ ਦਿੱਤਾ ਸੀ। ਹੁਣ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਸਾਨਾਂ ਨੂੰ ਅਜਿਹੇ ਕਦਮ ਨਾ ਚੁੱਕਣ ਦੀ ਅਪੀਲ ਕੀਤੀ ਹੈ।
Rakesh Tikait
ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਅਤੇ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਖੇਤਾਂ ਵਿਚ ਖੜ੍ਹੀ ਫਸਲ ’ਤੇ ਟਰੈਕਟਰ ਚਲਾਉਣ ਵਾਲੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਅਜਿਹੇ ਕਦਮ ਚੁੱਕਣ ਦਾ ਅਜੇ ਸਮਾਂ ਨਹੀਂ ਆਇਆ ਹੈ।
rakesh tikait
ਉਨ੍ਹਾਂ ਕਿਹਾ ਕਿ ਦੇਸ਼ ਭਰ ਅੰਦਰ ਫਸਲਾਂ ਪੱਕਣ ਦਾ ਵੱਖ ਵੱਖ ਸਮਾਂ ਹੈ ਅਤੇ ਜਿਹੜੇ ਇਲਾਕਿਆਂ ਵਿਚ ਫਸਲਾਂ ਪਹਿਲਾਂ ਪੱਕਣਗੀਆਂ, ਕਿਸਾਨ ਪਹਿਲਾਂ ਉਥੇ ਕੰਮ ਨਿਬੇੜਣਗੇ ਅਤੇ ਲੇਟ ਫਸਲਾਂ ਪੱਕਣ ਵਾਲੇ ਇਲਾਕਿਆਂ ਦੇ ਕਿਸਾਨ ਧਰਨਿਆਂ ਵਿਚ ਜ਼ਿੰਮੇਵਾਰੀ ਨਿਭਾਉਣਗੇ।
Rakesh Tikait
ਇਸ ਤੋਂ ਬਾਅਦ ਪਹਿਲਾਂ ਫਸਲਾਂ ਪੱਕਣ ਵਾਲੇ ਇਲਾਕਿਆਂ ਦੇ ਕਿਸਾਨ ਧਰਨਿਆਂ ਵਿਚ ਆ ਜਾਣਗੇ। ਰਾਕੇਸ਼ ਟਿਕੈਤ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਟਵੀਟ ਕੀਤਾ ਹੈ ਅਤੇ ਕਿਹਾ ਹੈ ਕਿ ਕਿਸਾਨਾਂ ਨੂੰ ਅਪੀਲ ਹੈ ਕਿ ਖੇਤਾਂ 'ਚ ਖੜ੍ਹੀ ਫਸਲ 'ਤੇ ਟਰੈਕਟਰ ਨਾ ਚਲਾਉਣ। ਉਨ੍ਹਾਂ ਕਿਸਾਨਾਂ ਨੂੰ ਧਰਨਾ ਸਥਾਨਾਂ ਅਤੇ ਖੇਤਾਂ ਵਿਚ ਕੰਮ ਕਰਨ ਲਈ ਰਲ-ਮਿਲ ਕੇ ਸਮਾਂ ਕੱਢਣ ਲਈ ਕਿਹਾ ਤਾਂ ਜੋ ਧਰਨਿਆਂ ਦੇ ਨਾਲ ਨਾਲ ਖੇਤੀ ਦੇ ਕੰਮ ਨੂੰ ਵੀ ਨੇਪਰੇ ਚੜਾਇਆ ਜਾ ਸਕੇ।