
Telangana tunnel collapse : ਸਿਲਕੀਆਰਾ ਸੁਰੰਗ ਹਾਦਸੇ ’ਚ ਫਸੇ ਮਜ਼ਦੂਰਾਂ ਨੂੰ ਬਚਾਉਣ ਵਾਲੇ ਮਾਹਰ ਤੋਂ ਵੀ ਲਈ ਜਾ ਰਹੀ ਮਦਦ
Telangana tunnel collapse : ਹੈਦਰਾਬਾਦ/ਦਿੱਲੀ : ਤੇਲੰਗਾਨਾ ਦੇ ਸਿੰਚਾਈ ਮੰਤਰੀ ਐਨ. ਉੱਤਮ ਕੁਮਾਰ ਰੈੱਡੀ ਨੇ ਕਿਹਾ ਕਿ ਸ੍ਰੀਸੈਲਮ ਸੁਰੰਗ ਨਹਿਰ ਪ੍ਰਾਜੈਕਟ ਦੇ ਨਿਰਮਾਣ ਅਧੀਨ ਹਿੱਸੇ ਦੀ ਛੱਤ ਦਾ ਇਕ ਹਿੱਸਾ ਡਿੱਗਣ ਨਾਲ 8 ਲੋਕ ਅੰਦਰ ਹੀ ਫਸ ਗਏ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵਲੋਂ ਉਨ੍ਹਾਂ ਨੂੰ ਬਚਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ।
ਦੂਜੇ ਪਾਸੇ ਇਕ ਅਧਿਕਾਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤੇਲੰਗਾਨਾ ਦੇ ਮੁੱਖ ਮੰਤਰੀ ਰੇਵੰਤ ਰੈੱਡੀ ਨੂੰ ਫੋਨ ਕੀਤਾ ਅਤੇ ਸੁਰੰਗ ’ਚ ਫਸੇ ਮੁਲਾਜ਼ਮਾਂ ਨੂੰ ਕੱਢਣ ’ਤੇ ਚਰਚਾ ਕੀਤੀ। ਉਨ੍ਹਾਂ ਨੇ ਬਚਾਅ ਕਾਰਜਾਂ ’ਚ ਹਰ ਸੰਭਵ ਮਦਦ ਦਾ ਭਰੋਸਾ ਦਿਤਾ।
ਨਗਰਕੁਰਨੂਲ ਜ਼ਿਲ੍ਹੇ ’ਚ ਹਾਦਸੇ ਵਾਲੀ ਥਾਂ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੰਚਾਈ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਪਿਛਲੇ ਸਾਲ ਉਤਰਾਖੰਡ ’ਚ ਇਕ ਘਟਨਾ (ਸਿਲਕੀਆਰਾ ਸੁਰੰਗ ਹਾਦਸੇ) ’ਚ ਫਸੇ ਮਜ਼ਦੂਰਾਂ ਨੂੰ ਬਚਾਉਣ ਵਾਲੇ ਮਾਹਰ ਦੀ ਵੀ ਮਦਦ ਲੈ ਰਹੀ ਹੈ। ਉਨ੍ਹਾਂ ਨੇ ਭਾਰਤੀ ਫੌਜ ਅਤੇ ਕੌਮੀ ਆਫ਼ਤ ਪ੍ਰਤੀਕਿਰਿਆ ਬਲ (ਐਨ.ਡੀ.ਆਰ.ਐਫ.) ਤੋਂ ਵੀ ਮਦਦ ਮੰਗੀ ਹੈ।
ਸੁਰੰਗ ’ਚ ਫਸੇ ਲੋਕਾਂ ’ਚ ਦੋ ਇੰਜੀਨੀਅਰ, ਦੋ ਮਸ਼ੀਨ ਆਪਰੇਟਰ ਅਤੇ ਚਾਰ ਮਜ਼ਦੂਰ ਸ਼ਾਮਲ ਹਨ। ਸਿੰਚਾਈ ਮੰਤਰੀ ਨੇ ਕਿਹਾ ਕਿ ਮਜ਼ਦੂਰ ਸੁਰੰਗ ਦੇ 14 ਕਿਲੋਮੀਟਰ ਦੇ ਅੰਦਰ ਫਸੇ ਹੋਏ ਹਨ। ਪਾਣੀ ਦੀ ਲੀਕੇਜ ਹੌਲੀ-ਹੌਲੀ ਸ਼ੁਰੂ ਹੋਈ ਅਤੇ ਬਾਅਦ ’ਚ ਵਧ ਗਈ, ਜਿਸ ਕਾਰਨ ਮਜ਼ਦੂਰਾਂ ਨੂੰ ਬਾਹਰ ਆਉਣ ਲਈ ਮਜਬੂਰ ਹੋਣਾ ਪਿਆ। ਉਨ੍ਹਾਂ ਕਿਹਾ ਕਿ ਜਦੋਂ ਸੁਰੰਗ ਦੇ ਬਾਹਰ ਕੁੱਝ ਭੂਗੋਲਿਕ ਗਤੀਵਿਧੀਆਂ ਮਹਿਸੂਸ ਕੀਤੀਆਂ ਗਈਆਂ ਤਾਂ ਇਕ ਉੱਚੀ ਆਵਾਜ਼ ਸੁਣੀ ਗਈ। ਉਨ੍ਹਾਂ ਕਿਹਾ ਕਿ ਸੁਰੰਗ ’ਚ ਬੋਰਿੰਗ ਮਸ਼ੀਨ ਦੇ ਸਾਹਮਣੇ ਕੰਮ ਕਰਨ ਵਾਲੇ ਲੋਕ ਉੱਥੇ ਫਸੇ ਹੋਏ ਹਨ।
ਮੰਤਰੀ ਨੇ ਕਿਹਾ, ‘‘ਸੂਬਾ ਸਰਕਾਰ ਇਨ੍ਹਾਂ ਅੱਠ ਵਿਅਕਤੀਆਂ ਦੀ ਜਾਨ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਅਸੀਂ ਉਨ੍ਹਾਂ ਮਾਹਰਾਂ ਨਾਲ ਵੀ ਗੱਲ ਕੀਤੀ ਹੈ ਜੋ ਉਤਰਾਖੰਡ ਦੀ ਘਟਨਾ ’ਚ ਲੋਕਾਂ ਨੂੰ ਬਚਾਉਣ ’ਚ ਸ਼ਾਮਲ ਸਨ।’’
ਰੈੱਡੀ ਨੇ ਕਿਹਾ ਕਿ ਸੂਬਾ ਫਾਇਰ ਸਰਵਿਸ ਅਤੇ ਆਫ਼ਤ ਪ੍ਰਤੀਕਿਰਿਆ ਬਲ ਦੇ ਜਵਾਨਾਂ ਨੂੰ ਵੀ ਬਚਾਅ ਮੁਹਿੰਮ ’ਚ ਸ਼ਾਮਲ ਹੋਣ ਲਈ ਤਿਆਰ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਭੂਗੋਲਿਕ ਹਲਚਲ ਦੇ ਸਥਿਰ ਹੋਣ ਤੋਂ ਬਾਅਦ ਬਚਾਅ ਕਾਰਜ ਸ਼ੁਰੂ ਕਰਨ ਦੀ ਯੋਜਨਾ ਹੈ।
ਉਨ੍ਹਾਂ ਕਿਹਾ, ‘‘ਕਿਉਂਕਿ ਇਹ ਸੁਰੰਗ ਦੇ 14 ਕਿਲੋਮੀਟਰ ਦੇ ਅੰਦਰ ਹੋਇਆ ਹੈ, ਇਸ ਲਈ ਕੁੱਝ ਚੁਨੌਤੀ ਆਂ ਹੋਣਗੀਆਂ। ਪਰ, ਅਸੀਂ ਬਚਾਅ ਕਾਰਜਾਂ ਦੀ ਨਿਗਰਾਨੀ ਲਈ ਦੇਸ਼ ਦੇ ਸੱਭ ਤੋਂ ਵਧੀਆ ਸੁਰੰਗ ਮਾਹਰਾਂ ਨੂੰ ਬੁਲਾ ਰਹੇ ਹਾਂ।’’ ਇਹ ਪੁੱਛੇ ਜਾਣ ’ਤੇ ਕਿ ਕੀ ਫਸੇ ਲੋਕਾਂ ਨੂੰ ਆਕਸੀਜਨ ਮੁਹੱਈਆ ਕਰਵਾਈ ਜਾਵੇਗੀ, ਮੰਤਰੀ ਨੇ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਕਿ ਸਾਹ ਲੈਣ ’ਚ ਕੋਈ ਸਮੱਸਿਆ ਨਹੀਂ ਹੋਵੇਗੀ। ਬਚਾਅ ਕਰਮੀ ਸਨਿਚਰਵਾਰ ਰਾਤ ਤਕ ਮੌਕੇ ’ਤੇ ਪਹੁੰਚ ਜਾਣਗੇ।
ਸੂਬਾ ਸਰਕਾਰ ਦੀ ਮਲਕੀਅਤ ਵਾਲੀ ਕੋਲਾ ਮਾਈਨਿੰਗ ਕੰਪਨੀ ਸਿੰਗਾਰੇਨੀ ਕੋਲੀਰੀਜ਼ ਕੰਪਨੀ ਲਿਮਟਿਡ (ਐਸ.ਸੀ.ਸੀ.ਐਲ.) ਦੀ 19 ਮੈਂਬਰੀ ਟੀਮ ਫਸੇ ਮਜ਼ਦੂਰਾਂ ਨੂੰ ਕੱਢਣ ਲਈ ਬਚਾਅ ਮੁਹਿੰਮ ’ਚ ਸ਼ਾਮਲ ਹੋਣ ਲਈ ਮੌਕੇ ’ਤੇ ਰਵਾਨਾ ਹੋ ਗਈ ਹੈ। ਕੰਪਨੀ ਦੇ ਇਕ ਚੋਟੀ ਦੇ ਅਧਿਕਾਰੀ ਮੁਤਾਬਕ ਐਸ.ਸੀ.ਸੀ.ਐਲ. ਕੋਲ ਅਜਿਹੀਆਂ ਘਟਨਾਵਾਂ ਵਿਚ ਲੋਕਾਂ ਨੂੰ ਬਚਾਉਣ ਦੀ ਮੁਹਾਰਤ ਹੈ ਅਤੇ ਉਸ ਕੋਲ ਜ਼ਰੂਰੀ ਉਪਕਰਣ ਹਨ। ਕੰਪਨੀ ਦੀ ਬਚਾਅ ਟੀਮ ਦੀ ਅਗਵਾਈ ਜਨਰਲ ਮੈਨੇਜਰ ਪੱਧਰ ਦੇ ਅਧਿਕਾਰੀ ਕਰ ਰਹੇ ਹਨ।
ਉੱਤਮ ਕੁਮਾਰ ਰੈਡੀ ਅਤੇ ਸੀਨੀਅਰ ਅਧਿਕਾਰੀ ਬਚਾਅ ਕਾਰਜਾਂ ਦੀ ਨਿਗਰਾਨੀ ਕਰ ਰਹੇ ਹਨ। ਇਕ ਅਧਿਕਾਰਤ ਬਿਆਨ ਵਿਚ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਏ. ਰੇਵੰਤ ਰੈੱਡੀ ਲਗਾਤਾਰ ਸਥਿਤੀ ਦੀ ਸਮੀਖਿਆ ਕਰ ਰਹੇ ਹਨ ਅਤੇ ਅਧਿਕਾਰੀਆਂ ਨੂੰ ਫਸੇ ਲੋਕਾਂ ਨੂੰ ਬਚਾਉਣ ਲਈ ਬਚਾਅ ਕਾਰਜਾਂ ਵਿਚ ਤੇਜ਼ੀ ਲਿਆਉਣ ਦੇ ਹੁਕਮ ਦਿਤੇ ਹਨ। ਹਾਦਸੇ ’ਤੇ ਚਿੰਤਾ ਜ਼ਾਹਰ ਕਰਦਿਆਂ ਕੇਂਦਰੀ ਕੋਲਾ ਮੰਤਰੀ ਜੀ. ਕਿਸ਼ਨ ਰੈੱਡੀ ਨੇ ਅਧਿਕਾਰੀਆਂ ਨੂੰ ਫਸੇ ਲੋਕਾਂ ਨੂੰ ਬਾਹਰ ਕੱਢਣ ਲਈ ਕਿਹਾ। ਉਨ੍ਹਾਂ ਨੇ ਅਧਿਕਾਰੀਆਂ ਨੂੰ ਜ਼ਖਮੀਆਂ ਨੂੰ ਡਾਕਟਰੀ ਇਲਾਜ ਮੁਹੱਈਆ ਕਰਵਾਉਣ ਲਈ ਵੀ ਕਿਹਾ।
(For more news apart from Telangana tunnel collapse News in Punjabi, stay tuned to Rozana Spokesman)