
Delegation of Supreme Court judges:ਚੁਰਾਚਾਂਦਪੁਰ ਵਿਚ ਰਾਹਤ ਕੈਂਪ ਦਾ ਕੀਤਾ ਦੌਰਾ
Delegation of Supreme Court judges reaches Manipur: ਸੁਪਰੀਮ ਕੋਰਟ ਦੇ ਜੱਜਾਂ ਦੇ ਇੱਕ ਵਫ਼ਦ ਸਨਿਚਰਵਾਰ ਨੂੰ ਮਨੀਪੁਰ ਦੇ ਚੁਰਾਚਾਂਦਪੁਰ ਹਲਾਤਾਂ ਦਾ ਜਾਇਜ਼ਾ ਲੈਣ ਪਹੁੰਚਿਆ। ਇਥੇ ਉਨ੍ਹਾਂ ਨੇ ਇੱਕ ਰਾਹਤ ਕੈਂਪ ਦਾ ਦੌਰਾ ਕੀਤਾ। ਇਸ ਤੋਂ ਪਹਿਲਾਂ ਅੱਜ, ਜਸਟਿਸ ਬੀਆਰ ਗਵਈ ਦੀ ਅਗਵਾਈ ਵਿੱਚ ਸੁਪਰੀਮ ਕੋਰਟ ਦੇ ਜੱਜਾਂ ਦਾ ਪੰਜ ਮੈਂਬਰੀ ਵਫ਼ਦ ਮਨੀਪੁਰ ਦੇ ਇੰਫ਼ਾਲ ਪਹੁੰਚਿਆ। ਜਸਟਿਸ ਬੀ.ਆਰ. ਗਵਈ, ਸੂਰਿਆ ਕਾਂਤ, ਵਿਕਰਮ ਨਾਥ, ਐਮ.ਐਮ. ਸੁੰਦਰੇਸ਼, ਕੇ.ਵੀ. ਵਿਸ਼ਵਨਾਥਨ ਅਤੇ ਐਨ. ਕੋਟੀਸ਼ਵਰ ਦੀ ਸ਼ਮੂਲੀਅਤ ਵਾਲਾ ਵਫ਼ਦ ਮਨੀਪੁਰ ਪਹੁੰਚਿਆ।
ਸੁਪਰੀਮ ਕੋਰਟ ਦੇ ਵਫ਼ਦ ਨੇ 27 ਅਸਾਮ ਰਾਈਫ਼ਲਜ਼ ਦੇ ਕੈਂਪ ਵਿੱਚ ਨਾਸ਼ਤਾ ਕੀਤਾ ਅਤੇ ਇੱਥੋਂ ਚੁਰਾਚਾਂਦਪੁਰ ਵਿਖੇ ਰਾਹਤ ਕੈਂਪ ਲਈ ਰਵਾਨਾ ਹੋ ਗਏ। ਸੁਪਰੀਮ ਕੋਰਟ ਦੇ ਜੱਜਾਂ ਦੇ ਵਫ਼ਦ ਵਿੱਚ ਮਨੀਪੁਰ ਦੇ ਜਸਟਿਸ ਐਨ ਕੋਟੀਸ਼ਵਰ ਸਿੰਘ ਵੀ ਸ਼ਾਮਲ ਹਨ। ਉਹ ਇੰਫਾਲ ਵਿੱਚ ਹੀ ਰਹੇ ਅਤੇ ਹੋਰ ਜੱਜਾਂ ਨਾਲ ਚੁਰਾਚਾਂਦਪੁਰ ਨਹੀਂ ਗਏ। ਦੱਸ ਦੇਈਏ ਕਿ ਚੁਰਾਚਾਂਦਪੁਰ ਕੂਕੀ ਭਾਈਚਾਰੇ ਦਾ ਦਬਦਬਾ ਵਾਲਾ ਜ਼ਿਲ੍ਹਾ ਹੈ ਅਤੇ ਜਸਟਿਸ ਐਨ ਕੋਟੀਸ਼ਵਰ ਸਿੰਘ ਮੇਈਤੇਈ ਭਾਈਚਾਰੇ ਨਾਲ ਸਬੰਧਤ ਹਨ। ਮਨੀਪੁਰ ਵਿੱਚ ਇਨ੍ਹਾਂ ਦੋਵਾਂ ਭਾਈਚਾਰਿਆਂ ਵਿਚਕਾਰ ਪਿਛਲੇ ਦੋ ਸਾਲਾਂ ਤੋਂ ਨਸਲੀ ਹਿੰਸਾ ਚੱਲ ਰਹੀ ਹੈ, ਜਿਸ ਕਾਰਨ ਸੂਬੇ ਵਿੱਚ ਅਸ਼ਾਂਤੀ ਦਾ ਮਾਹੌਲ ਹੈ।
ਜਸਟਿਸ ਐਨ ਕੋਟੀਸ਼ਵਰ ਸਿੰਘ ਦੀ ਫੇਰੀ ਤੋਂ ਪਹਿਲਾਂ, ਚੁਰਾਚਾਂਦਪੁਰ ਬਾਰ ਐਸੋਸੀਏਸ਼ਨ ਨੇ ਇੱਕ ਬਿਆਨ ਜਾਰੀ ਕਰ ਕੇ ਕਿਹਾ ਸੀ, ‘‘ਸ਼ਾਂਤੀ ਅਤੇ ਜਨਤਕ ਵਿਵਸਥਾ ਦੇ ਹਿੱਤ ਵਿੱਚ ਮੇਈਤੇਈ ਭਾਈਚਾਰੇ ਦੇ ਜੱਜ ਸਾਡੇ ਜ਼ਿਲ੍ਹੇ ਵਿੱਚ ਪੈਰ ਨਹੀਂ ਰੱਖਣਗੇ ਭਾਵੇਂ ਉਨ੍ਹਾਂ ਦੇ ਨਾਮ ਸੁਪਰੀਮ ਕੋਰਟ ਦੇ 6 ਮੈਂਬਰੀ ਵਫ਼ਦ ਵਿੱਚ ਸ਼ਾਮਲ ਕੀਤੇ ਜਾਣ।’’ ਇਸੇ ਕਾਰਨ ਮਨੀਪੁਰ ਹਾਈ ਕੋਰਟ ਦੇ ਦੋ ਜੱਜ, ਜਸਟਿਸ ਡੀ. ਕ੍ਰਿਸ਼ਨਾਕੁਮਾਰ ਅਤੇ ਜਸਟਿਸ ਗੋਲਮੇਈ ਗੈਫੁਲਸ਼ਿਲੂ, ਸੁਪਰੀਮ ਕੋਰਟ ਦੇ ਜੱਜਾਂ ਦੇ ਨਾਲ ਚੁਰਾਚਾਂਦਪੁਰ ਨਹੀਂ ਗਏ ਕਿਉਂਕਿ ਉਹ ਵੀ ਮੇਈਤੇਈ ਭਾਈਚਾਰੇ ਨਾਲ ਸਬੰਧਤ ਹਨ।
ਨੈਸ਼ਨਲ ਲੀਗਲ ਸਰਵਿਸਿਜ਼ ਅਥਾਰਟੀ ਦੇ ਕਾਰਜਕਾਰੀ ਚੇਅਰਮੈਨ ਜਸਟਿਸ ਬੀ.ਆਰ. ਗਵਈ ਮਨੀਪੁਰ ਦੇ ਸਾਰੇ ਜ਼ਿਲ੍ਹਿਆਂ ਵਿੱਚ ਕਾਨੂੰਨੀ ਸੇਵਾ ਕੈਂਪਾਂ ਅਤੇ ਮੈਡੀਕਲ ਕੈਂਪਾਂ ਦੇ ਨਾਲ-ਨਾਲ ਇੰਫ਼ਾਲ ਪੂਰਬ, ਇੰਫ਼ਾਲ ਪੱਛਮੀ ਅਤੇ ਉਖਰੁਲ ਜ਼ਿਲ੍ਹਿਆਂ ਵਿੱਚ ਨਵੇਂ ਕਾਨੂੰਨੀ ਸਹਾਇਤਾ ਕਲੀਨਿਕਾਂ ਦਾ ਵਰਚੁਅਲ ਉਦਘਾਟਨ ਕਰਨਗੇ।
(For more news apart from Supreme Court judges Latest News, stay tuned to Rozana Spokesman)