
ਪਛਮੀ ਬੰਗਾਲ ਵਿਚ ਤਾਲਾਬੰਦੀ ਦੀ ਪਾਲਣਾ ਦੀ ਸਮੀਖਿਆ ਕਰਨ ਲਈ ਤੈਨਾਤ ਕੇਂਦਰੀ ਟੀਮ ਦੇ ਮੈਂਬਰ ਨੇ ਮਮਤਾ ਬੈਨਰਜੀ ਸਰਕਾਰ ’ਤੇ ਸਹਿਯੋਗ ਨਾ ਕਰਨ ਦਾ ਦੋਸ਼
ਕੋਲਕਾਤਾ, 21 ਅਪ੍ਰੈਲ: ਪਛਮੀ ਬੰਗਾਲ ਵਿਚ ਤਾਲਾਬੰਦੀ ਦੀ ਪਾਲਣਾ ਦੀ ਸਮੀਖਿਆ ਕਰਨ ਲਈ ਤੈਨਾਤ ਕੇਂਦਰੀ ਟੀਮ ਦੇ ਮੈਂਬਰ ਨੇ ਮਮਤਾ ਬੈਨਰਜੀ ਸਰਕਾਰ ’ਤੇ ਸਹਿਯੋਗ ਨਾ ਕਰਨ ਦਾ ਦੋਸ਼ ਲਾਇਆ ਹੈ। ਇਸ ਤੋਂ ਪਹਿਲਾਂ, ਮਮਤਾ ਬੈਨਰਜੀ ਨੇ ਕਿਹਾ ਸੀ ਕੇਂਦਰੀ ਟੀਮ ਦੁਆਰਾ ਰਾਜ ਦਾ ਦੌਰਾ ਕਰਨ ਦੀ ਜਾਣਕਾਰੀ ਗੁਪਤ ਰੱਖੀ ਗਈ। ਰਾਜ ਵਿਚ ਭੇਜੀਆਂ ਗਈਆਂ ਦੋ ਟੀਮਾਂ ਦੇ ਮੈਂਬਰ ਅਪੂਰਵ ਚੰਦਰਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਕਿਹਾ ਗਿਆ ਹੈ ਕਿ ਉਹ ਮੰਗਲਵਾਰ ਨੂੰ ‘ਬਾਹਰ ਨਹੀਂ ਜਾਣਗੇੇ।’
File photo
ਰਖਿਆ ਮੰਤਰਾਲੇ ਵਿਚ ਵਧੀਕ ਸਕੱਤਰ ਚੰਦਰਾ ਨੇ ਕਿਹਾ, ‘ਸਾਨੂੰ ਕੇਂਦਰ ਸਰਕਾਰ ਨੇ ਤੈਨਾਤ ਕੀਤਾ ਹੈ ਅਤੇ ਤੈਨਾਤੀ ਬਾਰੇ ਸਾਡੇ ਹੁਕਮ ਮੁਤਾਬਕ ਰਾਜ ਸਰਕਾਰ ਸਾਨੂੰ ਜ਼ਰੂਰੀ ਸਾਜ਼ੋ-ਸਮਾਨ ਮੁਹਈਆ ਕਰਾਏਗੀ। ਮੈਂ ਮੁੱਖ ਸਕੱਤਰ ਦੇ ਸੰਪਰਕ ਵਿਚ ਹਾਂ ਅਤੇ ਇਥੇ ਆਉਣ ਮਗਰੋਂ ਹੀ ਉਨ੍ਹਾਂ ਕੋਲੋਂ ਮਦਦ ਮੰਗ ਰਿਹਾ ਹਾਂ।’ ਉਨ੍ਹਾਂ ਕਿਸੇ ਟੀਵੀ ਚੈਨਲ ਨੂੰ ਕਿਹਾ, ‘ਮੈਂ ਕਲ ਉਨ੍ਹਾਂ ਨਾਲ ਮੁਲਾਕਾਤ ਕੀਤੀ ਸੀ ਪਰ ਅੱਜ ਸਾਨੂੰ ਦਸਿਆ ਗਿਆ ਕਿ ਕੁੱਝ ਸਮੱਸਿਆਵਾਂ ਕਾਰਨ ਅਸੀਂ ਅੱਜ ਬਾਹਰ ਨਹੀਂ ਜਾ ਸਕਦੇ। ਮੁੱਖ ਸਕੱਤਰ ਨਾਲ ਅਸੀਂ ਛੇਤੀ ਹੀ ਬੈਠਕ ਕਰਾਂਗੇ।’ ਚੰਦਰਾ ਨੇ ਕਿਹਾ ਕਿ ਟੀਮ ਨੇ ਸਪੱਸ਼ਟ ਕਰ ਦਿਤਾ ਹੈ ਕਿ ਦੌਰੇ ਨੂੰ ਹੋਰ ਜ਼ਿਆਦਾ ਕਾਰਗਰ ਬਣਾਉਣ ਵਾਸਤੇ ਉਹ ਰਾਜ ਦੇ ਅਧਿਕਾਰੀਆਂ ਨਾਲ ਬਾਹਰ ਜਾਣਗੇ। (ਏਜੰਸੀ)