
ਇਹ ਸਰਕਾਰ ਕੁਝ ਵੀ ਕਰ ਸਕਦੀ ਹੈ, ਮਰਵਾ ਵੀ ਸਕਦੀ ਹੈ ਪਰ ਮੈਂ ਲੜਾਈ ਲਈ ਹਮੇਸ਼ਾ ਤਿਆਰ ਹਾਂ : ਸਤਿਆਪਾਲ ਮਲਿਕ
ਸਤਿਆਪਾਲ ਮਲਿਕ ਨੂੰ ਸਮਰਥਨ ਦੇਣ ਲਈ ਆਏ ਸਨ ਖਾਪ ਆਗੂ
ਸਤਿਆਪਾਲ ਮਲਿਕ ਨੂੰ ਹਿਰਾਸਤ 'ਚ ਨਹੀਂ ਲਿਆ : ਦਿੱਲੀ ਪੁਲਿਸ
ਨਵੀਂ ਦਿੱਲੀ : ਸਾਬਕਾ ਰਾਜਪਾਲ ਸਤਿਆਪਾਲ ਮਲਿਕ ਨੂੰ ਕਈ ਖਾਪ ਆਗੂਆਂ ਸਮੇਤ ਦਿੱਲੀ ਪੁਲਿਸ ਨੇ ਹਿਰਾਸਤ ਵਿਚ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਹਰਿਆਣਾ ਦੇ ਕਈ ਖਾਪ ਆਗੂ ਸਤਿਆਪਾਲ ਮਲਿਕ ਨੂੰ ਸਮਰਥਨ ਦੇਣ ਲਈ ਦਿੱਲੀ ਵਿਖੇ ਇਕ ਬੈਠਕ ਵਿਚ ਆਏ ਸਨ। ਜਿਥੇ ਦਿੱਲੀ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ ਹੈ।
ਹਿਰਾਸਤ ਵਿਚ ਲਏ ਗਏ ਆਗੂਆਂ ਵਿਚ ਸਾਬਕਾ ਰਾਜਪਾਲ ਸਤਿਆਪਾਲ ਮਲਿਕ ਸਮੇਤ ਧਨਖੜ ਖਾਪ, ਮਲਿਕ ਖਾਪ, ਦਹੀਆ ਖਾਪ, ਡਾਗਰ ਖਾਪ ਅਤੇ ਹੋਰ ਬਹੁਤ ਸਾਰੇ ਆਗੂ ਸ਼ਾਮਲ ਹਨ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਸਾਰਿਆਂ ਨੂੰ ਆਰ ਕੇ ਪੁਰਮ ਤੋਂ ਹਿਰਾਸਤ ਵਿਚ ਲਿਆ ਗਿਆ ਅਤੇ ਸਥਾਨਕ ਥਾਣੇ ਲਿਆਂਦਾ ਗਿਆ ਹੈ।
ਉਧਰ ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਜੰਮੂ ਕਸ਼ਮੀਰ ਦੇ ਸਾਬਕਾ ਰਾਜਪਾਲ ਸਤਿਆਪਾਲ ਮਲਿਕ ਨੂੰ ਹਿਰਾਸਤ 'ਚ ਨਹੀਂ ਲਿਆ ਹੈ। ਪੁਲਿਸ ਡਿਪਟੀ ਕਮਿਸ਼ਨਰ ਮਨੋਜ ਸੀ ਨੇ ਕਿਹਾ,''ਅਸੀਂ ਸਾਬਕਾ ਰਾਜਪਾਲ ਸਤਿਆਪਾਲ ਮਲਿਕ ਨੂੰ ਹਿਰਾਸਤ 'ਚ ਨਹੀਂ ਲਿਆ ਹੈ। ਉਹ ਆਪਣੇ ਸਮਰਥਕਾਂ ਨਾਲ ਆਰ.ਕੇ. ਪੁਰਮ ਥਾਣੇ 'ਚ ਆਪਣੀ ਇੱਛਾ ਨਾਲ ਆਏ ਸਨ ਅਤੇ ਅਸੀਂ ਉਨ੍ਹਾਂ ਨੂੰ ਸੂਚਿਤ ਕੀਤਾ ਕਿ ਉਹ ਆਪਣੀ ਇੱਛਾ ਨਾਲ ਜਾ ਸਕਦੇ ਹਨ।''
ਇਕ ਹੋਰ ਅਧਿਕਾਰੀ ਨੇ ਦੱਸਿਆ,''ਆਰ.ਕੇ. ਪੁਰਮ ਦੇ ਐੱਮ.ਸੀ.ਡੀ. ਪਾਰਕ 'ਚ ਇਕ ਬੈਠਕ ਹੋਣੀ ਸੀ ਅਤੇ ਮਲਿਕ ਨੇ ਇਸ 'ਚ ਹਿੱਸਾ ਲੈਣਾ ਸੀ। ਉਨ੍ਹਾਂ ਨੂੰ ਦੱਸਿਆ ਗਿਆ ਕਿ ਇਹ ਬੈਠਕ ਕਰਨ ਦੀ ਜਗ੍ਹਾ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਤੋਂ ਕੋਈ ਮਨਜ਼ੂਰੀ ਲਈ ਸੀ, ਜਿਸ ਤੋਂ ਬਾਅਦ ਮਲਿਕ ਅਤੇ ਉਨ੍ਹਾਂ ਦੇ ਸਮਰਥਕ ਉੱਥੋਂ ਚਲੇ ਗਏ ਅਤੇ ਬਾਅਦ 'ਚ ਸਾਬਕਾ ਰਾਜਪਾਲ ਖ਼ੁਦ ਥਾਣੇ ਆਏ।''
ਇਸ ਤੋਂ ਇਲਾਵਾ ਦਿੱਲੀ ਪੁਲਿਸ ਨੇ ਟਵਿੱਟਰ 'ਤੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ, ''ਸੱਤਿਆਪਾਲ ਮਲਿਕ ਨੂੰ ਹਿਰਾਸਤ 'ਚ ਲੈਣ ਸਬੰਧੀ ਕਈ ਸੋਸ਼ਲ ਮੀਡੀਆ ਹੈਂਡਲ 'ਤੇ ਗ਼ਲਤ ਸੂਚਨਾ ਫੈਲਾਈ ਜਾ ਰਹੀ ਹੈ। ਉਹ ਖੁਦ ਆਰ.ਕੇ. ਪੁਰਮ ਥਾਣਾ ਆਪਣੇ ਸਮਰਥਕਾਂ ਨਾਲ ਪਹੁੰਚੇ। ਉਨ੍ਹਾਂ ਨੂੰ ਸੂਚਿਤ ਕੀਤਾ ਗਿਆ ਕਿ ਉਹ ਆਪਣੀ ਮਰਜ਼ੀ ਨਾਲ ਜਾਣ ਲਈ ਆਜ਼ਾਦ ਹਨ।''
ਇਹ ਵੀ ਪੜ੍ਹੋ: ਪਾਕਿਸਤਾਨੀ ਰੇਂਜਰਾਂ ਤੇ ਭਾਰਤੀ ਫ਼ੌਜੀਆਂ ਨੇ ਮਿਲ ਕੇ ਮਨਾਇਆ ਈਦ-ਉਲ-ਫ਼ਿਤਰ ਦਾ ਤਿਉਹਾਰ
ਇਸ ਬਾਰੇ ਗਲਬਾਤ ਕਰਦਿਆਂ ਸਾਬਕਾ ਰਾਜਪਾਲ ਸਤਿਆਪਾਲ ਮਲਿਕ ਨੇ ਦੱਸਿਆ ਕਿ ਹਰਿਆਣਾ ਦੇ ਖਾਪ ਆਗੂ ਉਨ੍ਹਾਂ ਦੇ ਸਮਰਥਨ ਵਿਚ ਇਥੇ ਮਿਲਣ ਆਏ ਸਨ। ਅਸੀਂ ਸਿਰਫ਼ ਗਲਬਾਤ ਕਰ ਰਹੇ ਸੀ, ਮੇਰੇ ਘਰ ਵਿਚ ਜਗ੍ਹਾ ਘੱਟ ਹੋਣ ਕਾਰਨ ਅਸੀਂ ਇਥੇ ਪਾਰਕ ਵਿਚ ਇਕੱਠੇ ਹੋਏ। ਪੁਲਿਸ ਨੇ ਸਾਨੂੰ ਰੋਕਿਆ ਅਤੇ ਅਸੀਂ ਉਨ੍ਹਾਂ ਦੇ ਨਾਲ ਇਥੇ ਥਾਣੇ ਆ ਗਏ ਹਾਂ।
ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਸਤਿਆਪਾਲ ਮਲਿਕ ਨੇ ਕਿਹਾ ਕਿ ਸੀ.ਬੀ.ਆਈ. ਵਲੋਂ ਸਪੱਸ਼ਟੀਕਰਨ ਮੰਗਿਆ ਗਿਆ ਹੈ ਪਰ ਮੈਂ ਉਥੇ ਦਫ਼ਤਰ ਨਹੀਂ ਜਾਵਾਂਗਾ ਸਗੋਂ ਉਹ ਮੇਰੇ ਘਰ ਆਉਣਗੇ। ਇੱਕ ਹੋਰ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਇਹ ਸਰਕਾਰ ਕੁਝ ਵੀ ਕਰ ਸਕਦੀ ਹੈ, ਮਰਵਾ ਵੀ ਸਕਦੀ ਹੈ ਪਰ ਮੈਂ ਲੜਾਈ ਲਈ ਹਮੇਸ਼ਾ ਤਿਆਰ ਹਾਂ। ਉਨ੍ਹਾਂ ਕਿਹਾ ਕਿ ਮੇਰਾ ਜਨਤਾ ਨਾਲ ਰਾਬਤਾ ਇਸੇ ਤਰ੍ਹਾਂ ਕਾਇਮ ਰਹੇਗਾ। ਮੈਂ ਹੁਣ ਤਿੰਨ ਦਿਨ ਦੇ ਦੌਰੇ 'ਤੇ ਰਾਜਸਥਾਨ ਅਤੇ ਫ਼ਿਰ ਹਰਿਆਣਾ ਦਾ ਵੀ ਦੌਰਾ ਕਰਾਂਗਾ।
ਸਾਬਕਾ ਰਾਜਪਾਲ ਸਤਿਆਪਾਲ ਮਲਿਕ ਨੇ ਇਸ ਮੌਕੇ ਸਾਰੇ ਖਾਪ ਆਗੂਆਂ ਦਾ ਵੀ ਧਨਵਾਦ ਕੀਤਾ ਜੋ ਉਨ੍ਹਾਂ ਦੇ ਸਮਰਥਨ ਲਈ ਇਥੇ ਪਹੁੰਚੇ ਸਨ। ਇਸ ਮੌਕੇ ਹਾਜ਼ਰ ਖਾਪ ਆਗੂਆਂ ਨੇ ਕਿਹਾ ਕਿ ਸਤਿਆਪਾਲ ਮਲਿਕ ਇਕੱਲੇ ਨਹੀਂ ਹਨ ਸਗੋਂ ਸਾਰਾ ਦੇਸ਼ ਉਨ੍ਹਾਂ ਦੇ ਨਾਲ ਹੈ।