
ਯੂਪੀ ਪੁਲਿਸ ਤੋਂ ਬਾਅਦ ਹੁਣ ਦਿੱਲੀ ਪੁਲਿਸ ਦੀ ਵੀ ਇਕ ਸ਼ਰਮਨਾਕ ਹਰਕਤ ਸਾਹਮਣੇ ਆਈ ਹੈ, ਜਿਸ ਨਾਲ ਉਹ ਵਿਵਾਦਾਂ ਵਿਚ ਘਿਰ ਗਈ ਹੈ
ਨਵੀਂ ਦਿੱਲੀ : ਯੂਪੀ ਪੁਲਿਸ ਤੋਂ ਬਾਅਦ ਹੁਣ ਦਿੱਲੀ ਪੁਲਿਸ ਦੀ ਵੀ ਇਕ ਸ਼ਰਮਨਾਕ ਹਰਕਤ ਸਾਹਮਣੇ ਆਈ ਹੈ, ਜਿਸ ਨਾਲ ਉਹ ਵਿਵਾਦਾਂ ਵਿਚ ਘਿਰ ਗਈ ਹੈ। ਅਸਲ ਵਿਚ ਦਿੱਲੀ ਪੁਲਿਸ ਦੀ ਸ਼ਰਮਨਾਕ ਹਰਕਤ ਉਦੋਂ ਸਾਹਮਣੇ ਆਈ ਜਦੋਂ ਉਸ ਨੇ ਇਕ ਮੁਲਜ਼ਮ ਨੂੰ ਕੱਪੜੇ ਪਹਿਨਣ ਦਾ ਵੀ ਸਮਾਂ ਨਹੀਂ ਦਿਤਾ ਅਤੇ ਉਸ ਨੂੰ ਬਾਥਰੂਮ ਵਿਚੋਂ ਨੰਗਾ ਹੀ ਗ੍ਰਿਫ਼ਤਾਰ ਕਰ ਲਿਆ ਅਤੇ ਸ਼ਰ੍ਹੇ ਬਾਜ਼ਾਰ ਥਾਣੇ ਤਕ ਤੋਰ ਕੇ ਲੈ ਗਈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਸ ਸਮੇਂ ਪੁਲਿਸ ਦੇ ਨਾਲ ਲੇਡੀ ਪੁਲਿਸ ਵੀ ਮੌਜੂਦ ਸੀ। ਇਹ ਘਟਨਾ ਪੱਛਮੀ ਦਿੱਲੀ ਦੇ ਇੰਦਰਾਪੁਰੀ ਇਲਾਕੇ ਦੀ ਹੈ।
Delhi Naked Man Paradeਪੁਲਿਸ ਜਦੋਂ ਮੁਲਜ਼ਮ ਨੂੰ ਨਗਨ ਹਾਲਤ ਵਿਚ ਫੜ ਕੇ ਕਰੀਬ 500 ਮੀਟਰ ਦੂਰ ਥਾਣੇ ਤਕ ਲੈ ਕੇ ਜਾ ਰਹੀ ਸੀ ਤਾਂ ਇਹ ਪੁਲਿਸ ਦੀ ਇਹ ਸ਼ਰਮਨਾਕ ਕਰਤੂਤ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ। ਉਧਰ ਮੁਲਜ਼ਮ ਦੀ ਪਤਨੀ ਅੰਜਨਾ ਦਾ ਕਹਿਣਾ ਹੈ ਕਿ ਭਲੇ ਹੀ ਉਸ ਦਾ ਪਤੀ ਅਪਰਾਧੀ ਹੋਵੇ ਪਰ ਉਸ ਦੀ ਨਗਨ ਪਰੇਡ ਕਰਾਉਣਾ ਸਹੀ ਨਹੀਂ। ਉਸ ਨੇ ਸਬੰਧਤ ਸਾਰੇ ਪੁਲਿਸ ਮੁਲਾਜ਼ਮਾਂ 'ਤੇ ਕਾਰਵਾਈ ਦੀ ਮੰਗ ਕੀਤੀ ਹੈ। ਪਰਵਾਰ ਦਾ ਕਹਿਣਾ ਏ ਕਿ ਉਨ੍ਹਾਂ ਨੇ ਪੁਲਿਸ ਨੂੰ ਵਾਰ-ਵਾਰ ਕਿਹਾ ਸੀ ਕਿ ਉਸ ਨੂੰ ਕੱਪੜੇ ਪਹਿਨ ਲੈਣ ਦਿਓ ਪਰ ਪੁਲਿਸ ਵਾਲਿਆਂ ਨੇ ਉਨ੍ਹਾਂ ਦੀ ਇਕ ਨਹੀਂ ਸੁਣੀ।
Delhi Naked Man Paradeਇਹੀ ਨਹੀਂ, ਘਰ ਦੇ ਕੋਲ ਜੋ ਥਾਣੇ ਜਾਣ ਲਈ ਨੇੜੇ ਦਾ ਰਸਤਾ ਸੀ, ਉਸ ਨੂੰ ਛੱਡ ਕੇ ਬਜ਼ਾਰ ਵਾਲੇ ਰਸਤੇ ਰਾਹੀਂ ਉਸ ਨੂੰ ਥਾਣੇ ਲਿਜਾਇਆ ਗਿਆ। ਉਸ ਸਮੇਂ ਸੜਕ 'ਤੇ ਸੈਂਕੜੇ ਲੋਕ ਸਨ। ਸੀਸੀਟੀਵੀ ਵਿਚ ਸਾਫ਼ ਦਿਸ ਰਿਹਾ ਹੈ ਕਿ ਮੁਲਜ਼ਮ ਦੀ ਪਤਨੀ ਉਸ ਦੇ ਪਿਛੇ ਕੱਪੜੇ ਲੈ ਕੇ ਦੌੜ ਰਹੀ ਹੈ, ਉਸ ਦੀ ਨਾਬਾਲਗ ਭੈਣ ਵੀ ਨਾਲ ਹੈ, ਮਹਿਲਾ ਕਾਂਸਟੇਬਲ ਵੀ ਹਨ ਅਤੇ ਰਸਤੇ ਵਿਚ ਕਈ ਬੱਚੇ ਅਤੇ ਔਰਤਾਂ ਵੀ ਸਨ ਪਰ ਪੁਲਿਸ ਨੇ ਇਸ ਜਲੂਸ ਨੂੰ ਜਾਰੀ ਰਖਿਆ। ਮੁਲਜ਼ਮ ਵਿਰੁਧ ਟ੍ਰੇਸਪਾਸਿੰਗ ਦੇ ਇਕ ਮਾਮਲੇ ਵਿਚ ਅਦਾਲਤ ਤੋਂ ਗ਼ੈਰ ਜ਼ਮਾਨਤੀ ਵਾਰੰਟ ਨਿਕਲਿਆ ਹੋਇਆ ਸੀ।
ਹਾਲਾਂਕਿ ਪੁਲਿਸ ਇਸ ਕਾਰਵਾਈ ਨੂੰ ਅਪਣਾ ਪ੍ਰੋਫੈਸ਼ਨਲ ਤਰੀਕਾ ਦਸ ਰਹੀ ਪਰ ਇਸ ਸ਼ਰਮਨਾਕ ਘਟਨਾ ਨੂੰ ਲੈ ਕੇ ਦਿੱਲੀ ਪੁਲਿਸ ਸਵਾਲਾਂ ਦੇ ਘੇਰੇ ਵਿਚ ਆ ਗਈ ਹੈ। ਵੀਰੇਂਦਰ ਦਾ ਪਰਵਾਰ ਵੀ ਪੁਲਿਸ ਵਿਰੁਧ ਕਾਨੂੰਨੀ ਕਾਰਵਾਈ ਕਰਨ ਦੀ ਤਿਆਰੀ ਕਰ ਰਿਹਾ ਹੈ। ਹੁਣ ਦੇਖਣਾ ਹੋਵੇਗਾ ਕਿ ਇਸ ਹਰਕਤ ਨੂੰ ਅੰਜ਼ਾਮ ਦੇਣ ਵਾਲੇ ਦਿੱਲੀ ਪੁਲਿਸ ਦੇ ਮੁਲਾਜ਼ਮਾਂ ਵਿਰੁਧ ਕੀ ਕਾਰਵਾਈ ਹੁੰਦੀ ਏ?